ਨੌਜਵਾਨ ਕਿਸਾਨ ‘ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ

ਕਾਲਾ ਸੰਘਿਆਂ –: ਪੁਲਸ ਥਾਣਾ ਸਦਰ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਸਿੱਧਵਾਂ ਦੋਨਾ ਵਿਖੇ ਅੱਜ ਸ਼ਾਮ ਖਰਾਬ ਮੌਸਮ ਦੇ ਚੱਲਦਿਆਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਪਿੰਡ ਦੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਜ ਸ਼ਾਮ ਕਰੀਬ ਪੌਣੇ 6 ਵਜੇ ਪਿੰਡ ਸਿੱਧਵਾਂ ਦੋਨਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਬੇਰ ਸਾਹਿਬ ਦੇ ਕੈਸ਼ੀਅਰ ਅਤੇ ਕਿਸਾਨ ਜਸਵੀਰ ਸਿੰਘ ਉਰਫ ਬਿੱਲਾ ਦੇ ਨੌਜਵਾਨ ਪੁੱਤਰ ਜਸਕੀਰਤ ਸਿੰਘ ਸਿੰਘ ਜੱਸੀ (ਕਰੀਬ 22 ਸਾਲ) ਬਾਰਿਸ਼ ਦੇ ਚਲਦਿਆਂ ਆਪਣੇ ਖੇਤਾਂ ਵਿਚ ਆਲੂਆਂ ਦੀ ਫ਼ਸਲ ਨੂੰ ਤਰਪਾਲ ਵਗੈਰਾ ਨਾਲ ਢੱਕ ਰਿਹਾ ਸੀ ਤੇ ਨਾਲ ਹੀ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਉਹ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਇਸ ਫਾਨੀ ਸੰਸਾਰ ਨੂੰ ਬੇਵਕਤੀ ਤੌਰ ‘ਤੇ ਅਲਵਿਦਾ ਆਖ ਗਿਆ।

ਪਤਾ ਲੱਗਾ ਹੈ ਕਿ ਮੋਬਾਈਲ ਨੂੰ ਅੱਗ ਲੱਗ ਗਈ ਤੇ ਨਾਲ ਹੀ ਉਸ ਦੇ ਕੰਨ, ਚਿਹਰਾ ਤੇ ਪੈਰ ਤੱਕ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ। ਇਹ ਵੀ ਪਤਾ ਲੱਗਾ ਕਿ ਉਸ ਨਾਲ ਇਕ ਹੋਰ ਪ੍ਰਵਾਸੀ ਕਾਮਾ ਵੀ ਮੌਕੇ ‘ਤੇ ਮੌਜੂਦ ਸੀ, ਜਿਸ ਦਾ ਬਚਾਅ ਹੋ ਗਿਆ ਹੈ। ਇਸ ਦੁਖਦਾਇਕ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਤੇ ਇਲਾਕੇ ਵਿਚ ਫੈਲੀ ਤਾਂ ਸਭ ਪਾਸੇ ਸੋਗ ਦੀ ਲਹਿਰ ਪਸਰ ਗਈ ਹੈ ਤੇ ਲੋਕ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚ ਰਹੇ ਹਨ।

Add a Comment

Your email address will not be published. Required fields are marked *