ਜੁਰਮ ਦੇ ਰਾਹ ’ਤੇ ਉਤਰੀ ਲੇਡੀ ਗੈਂਗਸਟਰ, ਹੱਥ ’ਤੇ ਬਣਾਇਆ ਏ. ਕੇ. 47 ਦਾ ਟੈਟੂ

ਚੰਡੀਗੜ੍ਹ – ਰਾਜਸਥਾਨ ਦੇ ਝੁੰਝੁਨੂ ਜ਼ਿਲੇ ਦੇ ਪਿੰਡ ਨਰਹਰ ’ਚ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਗੈਂਗਸਟਰਾਂ ਦੀ ਰੀਲ ਦੇਖ ਕੇ ਬਿਹਾਈ ਮਾਇਆ ਉਰਫ਼ ਕਸ਼ਿਸ਼ ਉਰਫ਼ ਪੂਜਾ ਕਾਫ਼ੀ ਪ੍ਰਭਾਵਿਤ ਹੋਈ ਤੇ ਇਸੇ ਪ੍ਰਭਾਵ ਨੇ ਉਸ ਨੂੰ ਅਪਰਾਧ ਦੀ ਦੁਨੀਆ ’ਚ ਪੈਰ ਧਰਨ ਲਈ ਉਕਸਾ ਦਿੱਤਾ। ਗੈਂਗਸਟਰ ਦੇ ਰੂਪ ’ਚ ਹੱਥ ਆਈ ਪੂਜਾ ਘਰ ’ਚ ਸਟੰਟ ਕਰਦੀ ਸੀ। ਇਕ ਦਿਨ ਉਸ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ ਉਹ ਰਾਕੇਸ਼ ਉਰਫ਼ ਹਨੀ ਨਾਂ ਦੇ ਹਿਸਟਰੀ ਸ਼ੀਟਰ ਦੇ ਸੰਪਰਕ ’ਚ ਆਈ, ਜਿਸ ਨੇ ਉਸ ਨੂੰ ਇਕ ਗੈਂਗਸਟਰ ਨਾਲ ਮੁਲਾਕਾਤ ਕਰਨ ਲਈ ਕਿਹਾ। ਮਾਇਆ ਉਰਫ਼ ਪੂਜਾ ਦਾ ਗੈਂਗਸਟਰ ਬਣਨ ਲਈ ਕ੍ਰੇਜ਼ ਵਧਣ ਲੱਗਾ, ਜਿਸ ਕਾਰਨ ਉਸ ਨੇ ਆਪਣੇ ਹੱਥ ’ਤੇ ਏ. ਕੇ. 47 ਦਾ ਟੈਟੂ ਬਣਵਾਇਆ।

ਰਾਕੇਸ਼ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਰਾ ਨਾਲ ਪੂਜਾ ਦੀ ਗੱਲ ਕਰਵਾਈ, ਜਿਸ ਨਾਲ ਹੋਈ ਚੈਟਿੰਗ ਤੋਂ ਬਾਅਦ ਉਸ ਨੇ ਰੋਹਿਤ ਨੂੰ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ। ਰੋਹਿਤ ਨੇ ਉਸ ਨੂੰ ਮੋਬਾਇਲ ਫ਼ੋਨ ਤੇ 25 ਹਜ਼ਾਰ ਰੁਪਏ ਦੇ ਕੇ ਚੰਡੀਗੜ੍ਹ ਪਹੁੰਚਣ ਨੂੰ ਕਿਹਾ, ਜਿਥੇ ਗੋਲਡੀ ਬਰਾੜ ਨੇ ਰੋਹਿਤ ਗੋਦਰਾ ਦੇ ਰਾਹੀਂ ਸਚਿਨ ਉਮੰਗ ਤੇ ਟਾਈਗਰ ਨਾਮਕ ਗੁਰਗਿਆਂ ਨਾਲ ਮਿਲਵਾਇਆ। ਚਾਰਾਂ ਨੂੰ ਗੋਲਡੀ ਬਰਾੜ ਦੇ ਕਹਿਣ ’ਤੇ ਰੋਹਿਤ ਨੇ ਵੱਡੀ ਜ਼ਿੰਮੇਵਾਰੀ ਦਿੱਤੀ, ਜਿਸ ਦੇ ਤਹਿਤ ਪੂਜਾ ਤੇ ਇਕ ਹੋਰ ਗੈਂਗਸਟਰ ਗੁਰਗੇ ਨੇ ਵਕੀਲ ਦੇ ਪਹਿਰਾਵੇ ’ਚ ਜ਼ਿਲਾ ਅਦਾਲਤ ’ਚ ਜਾਣਾ ਸੀ ਤੇ ਪੇਸ਼ੀ ਦੌਰਾਨ ਗੈਂਗਸਟਰ ਭੂਪੀ ਰਾਣਾ ਦਾ ਕਤਲ ਕਰਨਾ ਸੀ। ਗੋਲੀ ਪੂਜਾ ਉਰਫ਼ ਮਾਇਆ ਉਰਫ਼ ਕਸ਼ਿਸ਼ ਨੇ ਚਲਾਉਣੀ ਸੀ, ਜਿਸ ਨੂੰ ਪਿਸਟਲ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ ਸੀ।

ਕੁਝ ਦਿਨਾਂ ਤੋਂ ਪੂਜਾ ਤੇ ਹੋਰ ਮੁਲਜ਼ਮ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਦੀਆਂ ਜ਼ਿਲਾ ਅਦਾਲਤਾਂ ’ਚ ਵਕੀਲ ਬਣ ਕੇ ਰੇਕੀ ਕਰਦੇ ਰਹੇ। ਪੂਜਾ ਤੇ ਹੋਰ ਗੁੰਡੇ 11 ਦਿਨਾਂ ਤੋਂ ਨਯਾਗਾਓਂ ’ਚ ਰਹਿ ਰਹੇ ਸਨ। ਦਿੱਲੀ ਕ੍ਰਾਈਮ ਬ੍ਰਾਂਚ ਨੂੰ ਗੋਲਡੀ ਬਰਾੜ ਗੈਂਗ ਦੇ ਇਕ ਮੈਂਬਰ ਤੋਂ ਸੂਹ ਮਿਲੀ ਸੀ ਕਿ ਗੋਲਡੀ ਬਰਾੜ ਅਦਾਲਤ ’ਚ ਪੇਸ਼ੀ ਦੌਰਾਨ ਇਕ ਵੱਡੇ ਗੈਂਗਸਟਰ ਨੂੰ ਮਾਰਨ ਜਾ ਰਿਹਾ ਹੈ, ਜਿਸ ਕਾਰਨ ਦਿੱਲੀ ਦੀ ਟੀਮ ਚੰਡੀਗੜ੍ਹ ਆਈ, ਜਿਸ ਨੇ ਇਸ ਬਾਰੇ ਚੰਡੀਗੜ੍ਹ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਗੈਂਗਸਟਰਾਂ ਤੱਕ ਪਹੁੰਚ ਗਈ।

ਇਸ ਤੋਂ ਪਹਿਲਾਂ ਕਿ ਪੂਜਾ ਆਪਣਾ ਪਹਿਲਾ ਮਿਸ਼ਨ ਪੂਰਾ ਕਰਦੀ, ਪੁਲਸ ਨੇ ਉਸ ਨੂੰ ਜ਼ਿਲਾ ਅਦਾਲਤ ਨੇੜਿਓਂ ਫੜ ਲਿਆ। ਪੁਲਸ ਨੇ ਗੋਲਡੀ ਬਰਾੜ ਦੇ ਫਾਈਨਾਂਸਰ ਵਿੱਕੀ ਚੌਹਾਨ ਰਾਹੀਂ ਪੂਜਾ ਨੂੰ ਪੈਸੇ ਭੇਜਣ ਵਾਲੇ ਫਾਜ਼ਿਲਕਾ ਦੇ ਪਰਵਿੰਦਰ ਮੁਕਤਸਰ ਦੇ ਅਮਨਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਐੱਸ. ਪੀ. ਕੇਤਨ ਬਾਂਸਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਪੂਜਾ ਸ਼ਰਮਾ ਸ਼ਾਦੀਸ਼ੁਦਾ ਹੈ ਤੇ ਘਰ ’ਚ ਉਸ ਦਾ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਹਿਸਟਰੀ ਸ਼ੀਟਰ ਰਾਕੇਸ਼ ਉਰਫ਼ ਹਨੀ ਰਾਹੀਂ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ’ਚ ਆਈ ਹੈ।

ਐੱਸ. ਪੀ. ਬਾਂਸਲ ਅਨੁਸਾਰ ਕ੍ਰਾਈਮ ਬ੍ਰਾਂਚ ਦੀ ਟੀਮ ਸੋਮਵਾਰ ਨੂੰ ਸੈਕਟਰ 42 ਦੀ ਲੇਕ ਪਾਰਕਿੰਗ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਐਕਟਿਵਾ ’ਤੇ ਦੋ ਸ਼ੱਕੀ ਕੋਰਟ ਦੇ ਕੋਲ ਘੁੰਮ ਰਹੇ ਹਨ। ਜਦੋਂ ਪੁਲਸ ਉਥੇ ਪਹੁੰਚੀ ਤਾਂ ਉਥੇ ਦਿੱਲੀ ਸਪੈਸ਼ਲ ਸੈੱਲ ਦੇ ਪੁਲਸ ਮੁਲਾਜ਼ਮ ਚੰਡੀਗੜ੍ਹ ਪੁਲਸ ਨੂੰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਗੈਂਗ ਨਾਲ ਜੁੜੇ 2 ਮੈਂਬਰ ਐਕਟਿਵਾ ’ਤੇ ਘੁੰਮ ਰਹੇ ਹਨ ਤੇ ਉਹ ਕੋਰਟ ’ਚ ਪੇਸ਼ੀ ਦੌਰਾਨ ਕਿਸੇ ਗੈਂਗਸਟਰ ਨੂੰ ਮਾਰਨ ਦੀ ਫਿਰਾਕ ’ਚ ਹਨ, ਜਿਨ੍ਹਾਂ ਕੋਲ ਅਸਲਾ ਵੀ ਹੈ। ਇਸ ਆਧਾਰ ’ਤੇ ਕ੍ਰਾਈਮ ਬ੍ਰਾਂਚ ਤੇ ਦਿੱਲੀ ਪੁਲਸ ਨੇ ਕੋਰਟ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ, ਜਿਸ ਤੋਂ ਬੱਸ ਸਟੈਂਡ ਵਲੋਂ ਕੋਰਟ ਵੱਲ ਸਫ਼ੈਦ ਰੰਗ ਦੀ ਇਕ ਐਕਟਿਵਾ ’ਤੇ ਬਿਨ੍ਹਾਂ ਹੈਲਮੇਟ ਤੋਂ ਆ ਰਹੇ 2 ਲੋਕਾਂ ਨੂੰ ਜਦੋਂ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਐਕਟਿਵਾ ਵਾਪਸ ਮੋੜ ਕੇ ਫ਼ਰਾਰ ਹੋਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਦੀ ਐਕਟਿਵਾ ਬੰਦ ਹੋ ਗਈ ਤੇ ਪੁਲਸ ਨੇ ਦੋਵਾਂ ਨੂੰ ਫੜ ਲਿਆ।

ਪੁਲਸ ਪੁੱਛਗਿੱਛ ’ਚ ਦੋਵਾਂ ਨੇ ਆਪਣਾ ਨਾਮ ਤੇ ਪਤਾ ਰੋਹਤਕ ਦੇ ਸਚਿਨ ਤੇ ਉਮੰਗ ਦੇ ਰੂਪ ’ਚ ਦੱਸਿਆ। ਪੁਲਸ ਨੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ। ਦੋਵਾਂ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਦੇ ਤੀਜੇ ਸਾਥੀ ਟਾਈਗਰ ਨੂੰ ਵੀ ਪੁਲਸ ਨੇ ਕਾਬੂ ਕਰ ਲਿਆ। ਪੁਲਸ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਤਿੰਨੇ ਮੁਲਜ਼ਮਾਂ ਨੇ ਐਲਾਂਟੇ ਮਾਲ ਤੋਂ 50 ਹਜ਼ਾਰ ਰੁਪਏ ’ਚ 1 ਮੇਲ ਤੇ ਫੀਮੇਲ ਵਕੀਲ ਦੀ ਡਰੈੱਸ ਖ਼ਰੀਦੀ। ਯੋਜਨਾ ਅਨੁਸਾਰ ਵਕੀਲ ਡਰੈੱਸ ਸਚਿਨ ਤੇ ਪੂਜਾ ਨੇ ਪਹਿਨਣੀ ਸੀ ਤੇ ਪੂਜਾ ਨੇ ਹੀ ਭੂਪੀ ਰਾਣਾ ’ਤੇ ਗੋਲੀਆਂ ਚਲਾਉਣੀਆਂ ਸਨ। ਪੁਲਸ ਅਨੁਸਾਰ ਔਰਤ ਹੋਣ ਦੇ ਕਾਰਨ ਸ਼ੱਕ ਦੀ ਗੁੰਜ਼ਾਇਸ਼ ਘੱਟ ਰਹਿੰਦੀ ਹੈ। ਇਹੀ ਕਾਰਨ ਸੀ ਕਿ ਪੂਜਾ ਨੂੰ ਇਸ ਲਈ ਉਨ੍ਹਾਂ ਨੇ ਫਰੰਟ ’ਤੇ ਰੱਖਿਆ। ਮੁਲਜ਼ਮਾਂ ਤੋਂ ਹੁਣ ਤੱਕ ਕੁਲ 2 ਪਿਸਟਲ, 6 ਜ਼ਿੰਦਾ ਕਾਰਤੂਸ ਤੇ 2 ਵਕੀਲਾਂ ਦੀਆਂ ਡਰੈੱਸਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਇਨ੍ਹਾਂ ਨਾਲ ਜੁੜੀਆਂ ਹੋਰ ਕੜੀਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

Add a Comment

Your email address will not be published. Required fields are marked *