ਟੈਟੂ ਦੀ ਸਿਆਹੀ ’ਚ ਮੌਜੂਦ ਕੈਮੀਕਲ ਨਾਲ ਵੱਧ ਸਕਦਾ ਹੈ ਚਮੜੀ ਦੇ ਕੈਂਸਰ

ਜਲੰਧਰ : ਤੁਹਾਡੇ ਹੱਥ, ਪੈਰ, ਧੌਣ, ਢਿੱਡ ਅਤੇ ਇੱਥੋਂ ਤੱਕ ਕਿ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਬਣਾਏ ਜਾ ਰਹੇ ਰੰਗ-ਬਿਰੰਗੇ ਫੈਸ਼ਨੇਬਲ ਟੈਟੂ ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦੇ ਹਨ ਅਤੇ ਅਜਿਹੀ ਬੀਮਾਰੀ ਦੇ ਸਕਦੇ ਹਨ ਜੋ ਪੂਰੀ ਤਰ੍ਹਾਂ ਠੀਕ ਹੋ ਸਕਣੀ ਮੁਸ਼ਕਲ ਹੈ। ਜਰਨਲ ਐਨਾਲਿਟਿਕਲ ਕੈਮਿਸਟਰੀ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਟੈਟੂ ਦੀ ਸਿਆਹੀ ’ਚ ਮੌਜੂਦ ਕੈਮੀਕਲਜ਼ ਨਾਲ ਚਮੜੀ ਦੇ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਸਰੀਰ ਦੇ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਟੈਟੂ ਬਣਾਉਣ ’ਚ ਵਰਤੀ ਜਾਣ ਵਾਲੀ ਸਿਆਹੀ ’ਚ ਮੌਜੂਦ ਕੈਮੀਕਲਜ਼ ਦੀ ਨਿਗਰਾਨੀ ਸ਼ੁਰੂ ਕਰੇਗਾ।

ਅਮਰੀਕਾ ’ਚ ਕੀਤੇ ਗਏ ਇਸ ਅਧਿਐਨ ’ਚ ਟੈਟੂ ਦੀ ਸਿਆਹੀ ਦੇ 54 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ 90 ਫ਼ੀਸਦੀ ਨਮੂਨਿਆਂ ਵਿਚ ਅਜਿਹੇ ਕੈਮੀਕਲ ਪਾਏ ਗਏ, ਜੋ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ’ਚੋਂ ਪਾਲੀਥੀਲੀਨ ਗਲਾਈਕਾਲ ਅਤੇ 2-ਫੇਨਾਕਸੀਥੇਨਾਲ ਵਰਗੇ ਕੈਮੀਕਲ ਸ਼ਾਮਲ ਹਨ। ਪਾਲੀਥੀਲੀਨ ਗਲਾਈਕਾਲ ਕਿਡਨੀ ਦੇ ਨੇਕ੍ਰਾਸਿਸ ਸਮੇਤ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਉਥੇ ਹੀ 2-ਫੇਨਾਕਸੀਥੇਨਾਲ ਨਰਵਸ ਸਿਸਟਮ ਨੂੰ ਪ੍ਰਭਾਵਤ ਕਰਦਾ ਹੈ। ਅਧਿਐਨ ਦੇ ਮੁਖੀ ਡਾ. ਜੌਹਨ ਸਵਾਰਕ ਨੇ ਕਿਹਾ ਕਿ ਟੈਟੂ ਦੀ ਸਿਆਹੀ ਬਣਾਉਣ ਵਾਲੀਆਂ ਕੰਪਨੀਆਂ ਆਪਣੀਆਂ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਕੈਮੀਕਲਾਂ ਦੀ ਵਰਤੋਂ ਕਰਦੀਆਂ ਹਨ। 

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਟੂ ਬਣਵਾਉਣ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ। ਟੈਟੂ ਬਣਾਉਣ ਤੋਂ ਪਹਿਲਾਂ ਸਿਆਹੀ ਦੀ ਗੁਣਵੱਤਾ ਅਤੇ ਇਸਦੇ ਸਿਹਤ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਟੈਟੂ ਬਣਾਉਣ ਲਈ ਅੰਗ ਦੇ ਅੰਦਰ ਸਿਆਹੀ ਪਾਈ ਜਾਂਦੀ ਹੈ, ਜੋ ਖੂਨ ਦੇ ਚਿੱਟੇ ਰਕਤਾਣੂਆਂ ਦੇ ਮੈਕਰੋਫੇਜ ਦੁਆਰਾ ਸੋਖ ਲਿਆ ਜਾ ਸਕਦਾ ਹੈ ਜਿਸ ਨਾਲ ਅੰਗ ’ਤੇ ਬਣਾਉਣ ਤੋਂ ਬਾਅਦ ਆਪਣੀ ਥਾਂ ’ਤੇ ਰਹੇ, ਪਰ ਕੁਝ ਮਾਮਲਿਆਂ ਵਿਚ ਇਹ ਸੰਭਵ ਹੈ ਕਿ ਸਿਆਹੀ ਵਿਚ ਮੌਜੂਦ ਗੰਦਗੀ ਖੂਨ ਦੇ ਵਹਾਅ ਵਿਚ ਆ ਸਕਦੀ ਹੈ। ਇਹ ਪੂਰੇ ਸਰੀਰ ਵਿਚ ਫੈਲ ਜਾਵੇਗੀ, ਜਿਸ ਨਾਲ ਕਈ ਮਾੜੇ ਪ੍ਰਭਾਵਾਂ ਦਾ ਖ਼ਤਰਾ ਹੈ, ਇੱਥੋਂ ਤੱਕ ਕਿ ਕਈ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

Add a Comment

Your email address will not be published. Required fields are marked *