ਰੂਸ ਨੇ ਪੈਟਰੋਲ ਤੇ ਗੈਸੋਲੀਨ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਪੈਟਰੋਲ-ਡੀਜ਼ਲ ਦੀ ਵਧਦੀ ਹੋਈ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਰੂਸ ਵੱਲੋਂ ਪੈਟਰੋਲ ਦੇ ਨਿਰਯਾਤ ‘ਤੇ 1 ਮਾਰਚ ਤੋਂ ਅਗਲੇ 6 ਮਹੀਨਿਆਂ ਤੱਕ ਰੋਕ ਲਗਾ ਦਿੱਤੀ ਗਈ ਹੈ। ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪੈਟਰੋਲੀਅਮ ਨਿਰਯਾਤ ਕਰਨ ਵਾਲਾ ਦੇਸ਼ ਹੈ। ਜਾਣਕਾਰੀ ਮੁਤਾਬਕ ਰੂਸ ‘ਚ ਪੈਟਰੋਲੀਅਮ ਪਦਾਰਥਾਂ ਦੀ ਕਮੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦਰਅਸਲ, ਭਾਰਤ ਰੂਸ ਤੋਂ ਸਸਤੇ ਭਾਅ ‘ਤੇ ਵੱਡੀ ਮਾਤਰਾ ‘ਚ ਕੱਚੇ ਤੇਲ ਦੀ ਦਰਾਮਦ ਕਰਦਾ ਹੈ। ਇਹ ਫੈਸਲਾ ਖਪਤਕਾਰਾਂ ਅਤੇ ਕਿਸਾਨਾਂ ਵੱਲੋਂ ਗੈਸੋਲੀਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਰਿਫਾਇਨਰੀਆਂ ਦੇ ਰੱਖ-ਰਖਾਅ ਦੀ ਯੋਜਨਾ ਬਣਾਉਣ ਲਈ ਲਿਆ ਗਿਆ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

ਰੂਸ ਨੇ ਉੱਚ ਘਰੇਲੂ ਕੀਮਤਾਂ ਅਤੇ ਕਮੀ ਨਾਲ ਨਜਿੱਠਣ ਲਈ ਪਿਛਲੇ ਸਾਲ ਸਤੰਬਰ ਅਤੇ ਨਵੰਬਰ ਦੇ ਵਿਚਕਾਰ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਸੀ। ਜਿਸ ਵਿੱਚ ਸਿਰਫ ਚਾਰ ਸਾਬਕਾ ਸੋਵੀਅਤ ਰਾਜਾਂ – ਬੇਲਾਰੂਸ, ਕਜ਼ਾਕਿਸਤਾਨ, ਅਰਮੇਨੀਆ ਅਤੇ ਕਿਰਗਿਸਤਾਨ ਨੂੰ ਛੋਟ ਦਿੱਤੀ ਗਈ ਸੀ। ਇਸ ਵਾਰ ਇਹ ਪਾਬੰਦੀ ਯੂਰੇਸ਼ੀਅਨ ਆਰਥਿਕ ਸੰਘ ਦੇ ਮੈਂਬਰ ਦੇਸ਼ਾਂ ‘ਤੇ ਲਾਗੂ ਨਹੀਂ ਹੋਵੇਗੀ। ਇਹ ਪਾਬੰਦੀ ਮੰਗੋਲੀਆ, ਉਜ਼ਬੇਕਿਸਤਾਨ ਅਤੇ ਜਾਰਜੀਆ ਦੇ ਨਾਲ-ਨਾਲ ਦੋ ਰੂਸੀ ਸਮਰਥਿਤ ਰਾਜਾਂ ਦੱਖਣੀ ਓਸੇਟੀਆ ਅਤੇ ਅਬਖਾਜ਼ੀਆ ‘ਤੇ ਲਾਗੂ ਨਹੀਂ ਹੋਵੇਗੀ। ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਪਾਬੰਦੀ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕੀਤਾ। ਨੋਵਾਕ ਨੇ 21 ਫਰਵਰੀ ਨੂੰ ਲਿਖੇ ਪੱਤਰ ‘ਚ ਕਿਹਾ ਕਿ ਘਰੇਲੂ ਬਾਜ਼ਾਰ ‘ਚ ਈਂਧਨ ਦੀ ਮੰਗ ਜਲਦ ਹੀ ਵਧੇਗੀ, ਜਿਸ ਕਾਰਨ ਇਹ ਪਾਬੰਦੀ ਜ਼ਰੂਰੀ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਅਮਰੀਕਾ ਨੇ ਰੂਸ ‘ਤੇ 500 ਤੋਂ ਵੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਿਸ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਇਹ ਨਵੀਆਂ ਪਾਬੰਦੀਆਂ ਆਰਕਟਿਕ ਖੇਤਰ ਦੇ ਨੇਤਾ ਅਲੈਕਸੀ ਨੇਵਲਨੀ ਦੀ ਮੌਤ ਤੋਂ ਬਾਅਦ ਲਗਾਈਆਂ ਗਈਆਂ ਹਨ। ਨੇਵਲਨੀ ਦੀ ਮੌਤ ਲਈ ਰੂਸੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਅਮਰੀਕਾ ਨੇ ਨੇਵਲਨੀ ਦੀ ਕੈਦ ਨਾਲ ਜੁੜੇ ਵਿਅਕਤੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।

Add a Comment

Your email address will not be published. Required fields are marked *