ਅਰਬਪਤੀਆਂ ਦੀ ਸੂਚੀ ’ਚ ਟਾਪ 5 ’ਚ ਭਾਰਤ ਨੇ ਬਣਾਈ ਜਗ੍ਹਾ

ਨਵੀਂ ਦਿੱਲੀ  ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਾਂਗ ਅਰਬਪਤੀ ਔਰਤਾਂ ਦੀ ਸੂਚੀ ਦੇ ਮਾਮਲੇ ’ਚ ਵੀ ਅਮਰੀਕਾ ਦਾ ਦਬਦਬਾ ਕਾਇਮ ਹੈ। ਇਕ ਤਾਜ਼ਾ ਅਧਿਐਨ ਮੁਤਾਬਕ ਅਰਬਪਤੀ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਅਮਰੀਕਾ ’ਚ ਹੈ। ਉਥੇ ਹੀ, ਭਾਰਤ ਵੀ ਇਸ ਸੂਚੀ ਦੇ ਹਿਸਾਬ ਨਾਲ ਟਾਪ-5 ’ਚ ਆਪਣੀ ਜਗ੍ਹਾ ਬਣਾਉਣ ’ਚ ਸਫਲ ਰਿਹਾ ਹੈ।

ਦੱਸ ਦੇਈਏ ਕਿ ਸਿਟੀ ਇੰਡੈਕਸ ਦੇ ਨਵੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਧਿਐਨ ਅਨੁਸਾਰ ਭਾਰਤ ਦੀਆਂ 15 ਔਰਤਾਂ ਅਰਬਪਤੀਆਂ ਦੀ ਸੂਚੀ ’ਚ ਸ਼ਾਮਲ ਹਨ। ਇਸ ਸੂਚੀ ਵਿਚ ਸਭ ਤੋਂ ਉੱਪਰ ਸਾਵਿਤਰੀ ਜਿੰਦਲ ਦਾ ਨਾਂ ਸ਼ਾਮਲ ਹੈ। ਅਧਿਐਨ ਮੁਤਾਬਕ ਭਾਰਤ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 20.2 ਅਰਬ ਡਾਲਰ ਹੈ। ਦੂਜੇ ਨੰਬਰ ’ਤੇ ਸਾਇਰਸ ਮਿਸਤਰੀ ਦੀ ਪਤਨੀ ਰੋਹਿਕਾ ਸਾਇਰਸ ਮਿਸਤਰੀ ਦਾ ਨਾਂ ਹੈ, ਜਿਨ੍ਹਾਂ ਕੋਲ 7.5 ਅਰਬ ਡਾਲਰ ਦੀ ਜਾਇਦਾਦ ਹੈ।

ਇਸ ਦੌਰਾਨ ਜੇਕਰ ਹੋਰ ਦੇਸ਼ਾਂ ’ਤੇ ਨਜ਼ਰ ਮਾਰੀਏ ਤਾਂ ਸਿਟੀ ਇੰਡੈਕਸ ਮੁਤਾਬਕ ਆਸਟ੍ਰੇਲੀਆ ਅਤੇ ਸਵਿਟਜ਼ਰਲੈਂਡ ’ਚ 9-9 ਅਰਬਪਤੀ ਔਰਤਾਂ ਹਨ। ਦੋਵੇਂ ਦੇਸ਼ ਇੰਡੈਕਸ ’ਚ ਬ੍ਰਾਜ਼ੀਲ ਦੇ ਨਾਲ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਹਨ। ਬ੍ਰਾਜ਼ੀਲ ਦੀਆਂ ਵੀ 9 ਔਰਤਾਂ ਅਰਬਪਤੀ ਹਨ। ਹਾਂਗਕਾਂਗ, ਸਪੇਨ, ਸਵੀਡਨ ਅਤੇ ਫਰਾਂਸ 7-7 ਮਹਿਲਾ ਅਰਬਪਤੀਆਂ ਦੇ ਨਾਲ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਹਨ। ਕੈਨੇਡਾ ਅਤੇ ਦੱਖਣੀ ਕੋਰੀਆ 6-6 ਅਰਬਪਤੀ ਔਰਤਾਂ ਨਾਲ 8ਵੇਂ ਸਥਾਨ ’ਤੇ ਹਨ। ਉਥੇ ਹੀ, ਇਜ਼ਰਾਈਲ ਅਤੇ ਤੁਰਕੀ ਸਾਂਝੇ ਤੌਰ ’ਤੇ 9ਵੇਂ ਸਥਾਨ ’ਤੇ ਹਨ। ਦੋਵਾਂ ਦੇਸ਼ਾਂ ਦੀਆਂ 4-4 ਔਰਤਾਂ ਅਰਬਪਤੀਆਂ ਦੀ ਸੂਚੀ ’ਚ ਸ਼ਾਮਲ ਹਨ।

ਭਾਰਤ ’ਚ ਅਤਿਅੰਤ ਅਮੀਰ ਵਿਅਕਤੀਆਂ ਦੀ ਗਿਣਤੀ ਪਿਛਲੇ ਸਾਲ ਭਾਵ 2023 ’ਚ ਸਾਲਾਨਾ ਆਧਾਰ ’ਤੇ 6 ਫ਼ੀਸਦੀ ਵਧ ਕੇ 13,263 ਹੋ ਗਈ ਹੈ। ਇਹ ਜਾਣਕਾਰੀ ਨਾਈਟ ਫਰੈਂਕ ਇੰਡੀਆ ਦੀ ਇਕ ਰਿਪੋਰਟ ’ਚ ਦਿੱਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਵਧਦੀ ਖੁਸ਼ਹਾਲੀ ਕਾਰਨ ਅਲਟਰਾ-ਹਾਈ ਨੈੱਟ ਵਰਥ ਇੰਡੀਵਿਜ਼ਨਸ (ਯੂ. ਐੱਚ. ਐੱਨ. ਡਬਲਿਊ. ਆਈ.) ਦੀ ਗਿਣਤੀ 2028 ਤੱਕ ਤੱਕ ਵਧ ਕੇ 20,000 ਹੋ ਜਾਵੇਗੀ। ਬੁੱਧਵਾਰ ਨੂੰ ਇਕ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਰੀਅਲ ਅਸਟੇਟ ਸਲਾਹਕਾਰ ਨਾਈਟ ਫਰੈਂਕ ਇੰਡੀਆ ਨੇ ‘ਦਿ ਵੈਲਥ ਰਿਪੋਰਟ-2024’ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ’ਚ ਯੂ. ਐੱਚ. ਐੱਨ. ਡਬਲਿਊ. ਆਈ. ਦੀ ਗਿਣਤੀ 2023 ’ਚ 6.1 ਫ਼ੀਸਦੀ ਵਧ ਕੇ 13,263 ਹੋ ਗਈ, ਜਦ ਕਿ ਇਸ ਤੋਂ ਪਿਛਲੇ ਸਾਲ ਇਹ 12,495 ਸੀ। ਭਾਰਤ ’ਚ ਯੂ. ਐੱਚ. ਐੱਨ. ਡਬਲਿਊ. ਆਈ. ਦੀ ਗਿਣਤੀ 2028 ਤੱਕ ਵਧ ਕੇ 19,908 ਹੋਣ ਦੀ ਉਮੀਦ ਹੈ।

ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ, “ਦੌਲਤ ਸਿਰਜਣ ਦੇ ਇਕ ਪਰਿਵਰਤਨਸ਼ੀਲ ਯੁੱਗ ’ਚ ਭਾਰਤ ਗਲੋਬਲ ਆਰਥਿਕ ਖੇਤਰ ’ਚ ਖੁਸ਼ਹਾਲ ਅਤੇ ਵਧਦੇ ਮੌਕਿਆਂ ਦੇ ਨਤੀਜਿਆਂ ਦੇ ਰੂਪ ’ਚ ਖੜ੍ਹਾ ਹੈ। ਦੇਸ਼ ’ਚ ਬੇਹੱਦ ਅਮੀਰਾਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਅਗਲੇ ਪੰਜ ਸਾਲਾਂ ’ਚ ਇਸ ’ਚ 50.1 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਵੱਖ-ਵੱਖ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਤੁਰਕੀ ’ਚ ਅਮੀਰਾਂ ਦੀ ਗਿਣਤੀ ’ਚ ਸਾਲਾਨਾ ਆਧਾਰ ’ਤੇ ਸਭ ਤੋਂ ਵੱਧ 9.7 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਸ ਤੋਂ ਬਾਅਦ ਅਮਰੀਕਾ ’ਚ ਅਮੀਰਾਂ ਦੀ ਗਿਣਤੀ ’ਚ 7.9 ਫ਼ੀਸਦੀ, ਭਾਰਤ ’ਚ 6.1 ਫ਼ੀਸਦੀ, ਦੱਖਣੀ ਕੋਰੀਆ ’ਚ 5.6 ਫ਼ੀਸਦੀ ਅਤੇ ਸਵਿਟਜ਼ਰਲੈਂਡ ’ਚ 5.2 ਫ਼ੀਸਦੀ ਵਧੀ ਹੈ। ਦੂਜੇ ਪਾਸੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਹ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਥੇ ਹੀ, ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ 24ਵੇਂ ਸਖਾਨ ’ਤੇ ਖਿਸਕ ਗਏ ਹਨ।

Add a Comment

Your email address will not be published. Required fields are marked *