ਮੁਹੰਮਦ ਸ਼ਮੀ ਗਿੱਟੇ ਦੀ ਸਰਜਰੀ ਕਾਰਨ IPL-2024 ’ਚੋਂ ਹੋਏ ਬਾਹਰ

ਨਵੀਂ ਦਿੱਲੀ– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਸੋਮਵਾਰ ਨੂੰ ਲੰਡਨ ਵਿਚ ਪੈਰ ਦਾ ਅਪ੍ਰੇਸ਼ਨ ਹੋਇਆ ਹੈ। ਇਸ ਕਾਰਨ ਉਹ 22 ਮਾਰਚ ਤੋਂ 26 ਮਈ ਤਕ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2024 ਵਿਚ ਨਹੀਂ ਖੇਡ ਸਕਣਗੇ। ਸ਼ਮੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੈਰ ਦੇ ਅਪ੍ਰੇਸ਼ਨ ਤੋਂ ਬਾਅਦ ਦੀ ਫੋਟੋ ਪੋਸਟ ਕੀਤੀ ਹੈ। ਉਨ੍ਹਾਂ ਦੀ ਸੱਟ ਦੀ ਵਜ੍ਹਾ ਨਾਲ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸ ਤੋਂ ਪਹਿਲਾਂ ਹੀ ਉਹ ਹਾਰਦਿਕ ਪੰਡਯਾ ਨੂੰ ਗੁਆ ਚੁੱਕੀ ਹੈ। ਹਾਰਦਿਕ ਮੁੰਬਈ ਇੰਡੀਅਨਜ਼ ਵਿਚ ਚਲੇ ਗਏ ਹਨ।
ਆਈ. ਪੀ. ਐੱਲ. 2023 ਵਿਚ ਉਪ ਜੇਤੂ ਰਹੀ ਗੁਜਰਾਤ ਲਈ ਉਨ੍ਹਾਂ ਨੇ ਤਦ ਸਭ ਤੋਂ ਵੱਧ ਵਿਕਟਾਂ ਲਈਆਂ ਸਨ। ਜਨਵਰੀ ਵਿਚ ਸ਼ਮੀ ਨੂੰ ਗੋਡੇ ਵਿਚ ਦਰਦ ਮਹਿਸੂਸ ਹੋਇਆ ਸੀ ਪਰ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇੰਗਲੈਂਡ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ’ਚ ਵਾਪਸੀ ਕਰ ਲੈਣਗੇ ਪਰ ਰਾਸ਼ਟਰੀ ਕ੍ਰਿਕਟ ਅਕੈਡਮੀ ਜਾਣ ਤੋਂ ਬਾਅਦ ਉਹ ਸੀਰੀਜ਼ ਵਿਚੋਂ ਬਾਹਰ ਹੋ ਗਏ। ਸ਼ੰਮੀ ਦੱਖਣੀ ਅਫਰੀਕਾ ਦੌਰੇ ’ਤੇ ਵੀ ਟੈਸਟ ਟੀਮ ਦਾ ਹਿੱਸਾ ਸੀ ਪਰ ਗੋਡੇ ਵਿਚ ਦਰਦ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣਾ ਨਾਂ ਵਾਪਸ ਲਿਆ ਤੇ ਬਾਅਦ ਵਿਚ ਸਫੈਦ ਗੇਂਦ ਸੀਰੀਜ਼ ਵਿਚੋਂ ਬਾਹਰ ਹੋ ਗਏ।
ਜ਼ਿਕਰਯੋਗ ਹੈ ਕਿ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਤੋਂ ਸ਼ਮੀ ਕੋਈ ਕ੍ਰਿਕਟ ਨਹੀਂ ਖੇਡੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ਵਿਚ ਭਾਰਤ ਨੂੰ ਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ 7 ਮੈਚਾਂ ਵਿਚ 10.70 ਦੀ ਔਸਤ ਤੇ 12.20 ਦੀ ਸਟ੍ਰਾਈਕ ਰੇਟ ਨਾਲ 24 ਵਿਕਟਾਂ ਲੈ ਕੇ ਟੂਰਨਾਮੈਂਟ ਵਿਚ ਸਭ ਤੋਂ ਵੱਦ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ ਸੀ। ਆਈ. ਪੀ. ਐੱਲ. ਦੇ 5 ਦਿਨਾਂ ਬਾਅਦ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਸ਼ੰਮੀ ਦੇ ਖੇਡਣ ਦੀ ਸੰਭਾਵਨਾ ਘੱਟ ਹੈ।

Add a Comment

Your email address will not be published. Required fields are marked *