ਰਕੁਲ ਤੇ ਜੈਕੀ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ – ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਰਕੁਲ ਪ੍ਰੀਤ ਸਿੰਘ ਆਪਣੇ ਬੁਆਏਫਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਰਕੁਲ ਤੇ ਜੈਕੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜੋ ਤੁਹਾਡੇ ਦਿਲ ਨੂੰ ਪਿਆਰ ਨਾਲ ਭਰ ਦੇਣਗੀਆਂ।

ਰਕੁਲ ਪ੍ਰੀਤ ਤੇ ਜੈਕੀ ਭਗਨਾਨੀ ਨੇ ਚਾਰ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਗੋਆ ’ਚ ਵਿਆਹ ਕਰਵਾ ਲਿਆ। ਦਿਨ ਵੇਲੇ ਜੋੜੇ ਨੇ ਆਨੰਦ ਕਾਰਜ ਅਨੁਸਾਰ ਵਿਆਹ ਕਰਵਾਇਆ ਤੇ ਸ਼ਾਮ ਨੂੰ ਸਨਸੈੱਟ ਵੈਡਿੰਗ ਕੀਤੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਹੁਣ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਸ਼ਨੀਵਾਰ ਨੂੰ ਜੈਕੀ ਭਗਨਾਨੀ ਨੇ ਰਕੁਲ ਨਾਲ ਵਿਆਹ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ’ਚ ਦੋਵੇਂ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਕ ਤਸਵੀਰ ’ਚ ਜੈਕੀ ਨੂੰ ਆਪਣੀ ਪਤਨੀ ਰਕੁਲ ਨਾਲ ਪਿਆਰ ’ਚ ਡੁੱਬਿਆ ਦੇਖਿਆ ਜਾ ਸਕਦਾ ਹੈ। ਇਕ ਤਸਵੀਰ ’ਚ ਦੋਵਾਂ ਨੇ ਪਵੇਲੀਅਨ ’ਤੇ ਪੋਜ਼ ਦਿੱਤੇ ਤੇ ਦੂਜੀ ’ਚ ਹੱਥ ਫੜ ਕੇ ਰੋਮਾਂਟਿਕ ਪੋਜ਼ ਦਿੱਤੇ। ਆਖਰੀ ਤਸਵੀਰ ’ਚ ਸਿੰਘ ਤੇ ਭਗਨਾਨੀ ਪਰਿਵਾਰ ਲਾੜਾ-ਲਾੜੀ ਨਾਲ ਨਜ਼ਰ ਆਏ।

ਇਸ ਪੋਸਟ ਨੂੰ ਸ਼ੇਅਰ ਕਰਕੇ ਜੈਕੀ ਨੇ ਫੈਸ਼ਨ ਡਿਜ਼ਾਈਨਰ ਤਰੁਣ ਤਾਹਿਲਿਆਨੀ ਦਾ ਧੰਨਵਾਦ ਕੀਤਾ ਹੈ। ਜੈਕੀ ਨੇ ਲਿਖਿਆ, ‘‘ਡੂੰਘੇ ਧੰਨਵਾਦ ਦੇ ਨਾਲ ਅਸੀਂ ਸਾਡੇ ਖ਼ਾਸ ਦਿਨ ’ਤੇ ਸਾਡੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਲਈ ਤਰੁਣ ਤਾਹਿਲਿਆਨੀ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਤਰੁਣ ਨਾ ਸਿਰਫ਼ ਮੇਰੇ ਪਹਿਰਾਵੇ ਨੂੰ ਬਣਾਉਣ ਲਈ ਅੱਗੇ ਆਇਆ, ਸਗੋਂ ਮੇਰੇ ਪਰਿਵਾਰ ਦੇ ਸ਼ਾਨਦਾਰ ਪਹਿਰਾਵੇ ਵੀ ਤਿਆਰ ਕੀਤੇ।’’

ਜੈਕੀ ਨੇ ਅੱਗੇ ਕਿਹਾ, ‘‘ਉਸ ਦੇ ਸਮਰਪਣ ਤੇ ਵੇਰਵਿਆਂ ਵੱਲ ਧਿਆਨ ਦੇਣ ਨੇ ਸਾਡੇ ਵਿਆਹ ਦੇ ਦਿਨ ਨੂੰ ਸੱਚਮੁੱਚ ਜਾਦੂਈ ਬਣਾ ਦਿੱਤਾ ਕਿਉਂਕਿ ਹਰ ਸਟਿੱਚ ਬਿਲਕੁਲ ਉਹੀ ਸੀ, ਜਿਸ ਦੀ ਅਸੀਂ ਕਲਪਨਾ ਕੀਤੀ ਸੀ। ਤਰੁਣ ਨੇ ਮੇਰੇ ਸੁਪਨਿਆਂ ਦੇ ਵਿਆਹ ਨੂੰ ਸਾਕਾਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਦੇ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ।’’

ਰਕੁਲ ਪ੍ਰੀਤ ਨੇ ਆਪਣੀ ਸਨਸੈੱਟ ਵੈਡਿੰਗ ਲਈ ਸਾਲਮਨ ਰੰਗ ਦਾ ਸਿਗਨੇਚਰ ਟਿਊਲ ਡਰੇਪ ਲਹਿੰਗਾ ਪਹਿਨਿਆ ਸੀ, ਜਿਸ ’ਤੇ ਮੋਟਿਫ ਵਰਕ ਸੀ। ਅਦਾਕਾਰਾ ਨੇ ਕੁੰਦਨ ਜਿਊਲਰੀ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੇ ਨਾਲ ਹੀ ਜੈਕੀ ਨੇ ਆਫ-ਵ੍ਹਾਈਟ ਰੰਗ ਦੀ ਸ਼ੇਰਵਾਨੀ ਪਹਿਨੀ ਸੀ।

Add a Comment

Your email address will not be published. Required fields are marked *