‘ਦੰਗਲ’ ਗਰਲ ਸੁਹਾਨੀ ਭਟਨਾਗਰ ਦੇ ਪਰਿਵਾਰ ਨੂੰ ਮਿਲੇ ਆਮਿਰ ਖ਼ਾਨ

ਮੁੰਬਈ – ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ’ਚ ਛੋਟੀ ਬਬੀਤਾ ਫੋਗਾਟ ਦੀ ਭੂਮਿਕਾ ’ਚ ਨਜ਼ਰ ਆਈ ਅਦਾਕਾਰਾ ਸੁਹਾਨੀ ਭਟਨਾਗਰ ਨਹੀਂ ਰਹੀ। 19 ਸਾਲ ਦੀ ਸੁਹਾਨੀ ਦੀ ਦਿੱਲੀ ਦੇ ਏਮਜ਼ ’ਚ ਡਰਮਾਟੋਮਾਇਓਸਾਈਟਿਸ ਨਾਂ ਦੀ ਬੀਮਾਰੀ ਕਾਰਨ ਮੌਤ ਹੋ ਗਈ। ਦੋ ਮਹੀਨਿਆਂ ਤੋਂ ਦਰਦ ਨਾਲ ਜੂਝ ਰਹੀ ਸੁਹਾਨੀ ਦੀ 16 ਫਰਵਰੀ ਨੂੰ ਮੌਤ ਹੋ ਗਈ ਸੀ। ਇਸ ਖ਼ਬਰ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹੁਣ ਆਮਿਰ ਖ਼ਾਨ ਉਸ ਦੇ ਮਾਤਾ-ਪਿਤਾ ਨੂੰ ਮਿਲਣ ਫਰੀਦਾਬਾਦ ਸਥਿਤ ਸੁਹਾਨੀ ਦੇ ਘਰ ਪਹੁੰਚੇ।

ਸੋਸ਼ਲ ਮੀਡੀਆ ’ਤੇ ਆਮਿਰ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਸ ’ਚ ਆਮਿਰ ਨੂੰ ਸੁਹਾਨੀ ਭਟਨਾਗਰ ਦੀ ਤਸਵੀਰ ਨਾਲ ਖੜ੍ਹੇ ਦੇਖਿਆ ਜਾ ਸਕਦਾ ਹੈ। ਸੁਹਾਨੀ ਦੇ ਪਿਤਾ ਪੁਨੀਤ ਭਟਨਾਗਰ ਤੇ ਮਾਂ ਪੂਜਾ ਭਟਨਾਗਰ ਉਨ੍ਹਾਂ ਦੇ ਨਾਲ ਖੜ੍ਹੇ ਹਨ। ਮਰਹੂਮ ਅਦਾਕਾਰਾ ਦਾ ਭਰਾ ਵੀ ਆਮਿਰ ਦੇ ਨਾਲ ਹੈ। ਆਮਿਰ ਨੇ ਸੁਹਾਨੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਹਮਦਰਦੀ ਜ਼ਾਹਿਰ ਕੀਤੀ। ਸੁਹਾਨੀ ਦੇ ਪਰਿਵਾਰ ਨਾਲ ਆਮਿਰ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਸੁਹਾਨੀ ਭਟਨਾਗਰ ਦੀ ਗੱਲ ਕਰੀਏ ਤਾਂ ਗਲਤ ਇਲਾਜ ਕਾਰਨ ਉਸ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਅਦਾਕਾਰਾ ਦੀ ਲੱਤ ’ਚ ਫਰੈਕਚਰ ਹੋ ਗਿਆ ਸੀ। ਉਸ ਦਾ ਇਲਾਜ ਕੀਤਾ ਗਿਆ ਪਰ ਉਸ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਸੁਹਾਨੀ ਦੇ ਸਰੀਰ ’ਤੇ ਮਾੜਾ ਅਸਰ ਪੈਣ ਲੱਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਹਾਨੀ ਦੇ ਪਿਤਾ ਨੇ ਦੱਸਿਆ ਸੀ ਕਿ 2 ਮਹੀਨੇ ਪਹਿਲਾਂ ਅਦਾਕਾਰਾ ਦੇ ਖੱਬੇ ਹੱਥ ’ਚ ਸੋਜ ਆਉਣ ਲੱਗੀ ਸੀ ਪਰ ਫਿਰ ਪੂਰੇ ਸਰੀਰ ’ਚ ਸੋਜ ਵੱਧ ਗਈ।

ਸੁਹਾਨੀ ਦੇ ਪਿਤਾ ਪੁਨੀਤ ਭਟਨਾਗਰ ਨੇ ਅੱਗੇ ਕਿਹਾ, ‘‘ਸੋਜ ਦਿਖਾਈ ਦੇਣ ਤੋਂ ਬਾਅਦ ਕਈ ਡਾਕਟਰਾਂ ਦੀ ਸਲਾਹ ਲਈ ਗਈ ਪਰ ਕੋਈ ਵੀ ਡਾਕਟਰ ਬੀਮਾਰੀ ਦੀ ਪਛਾਣ ਨਹੀਂ ਕਰ ਸਕਿਆ। ਕਰੀਬ 11 ਦਿਨ ਪਹਿਲਾਂ 6 ਫਰਵਰੀ ਮੰਗਲਵਾਰ ਨੂੰ ਸੁਹਾਨੀ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਸ ਦੇ ਟੈਸਟ ਕੀਤੇ ਗਏ। ਉਥੇ ਪਤਾ ਲੱਗਾ ਕਿ ਸੁਹਾਨੀ ਡਰਮਾਟੋਮਾਇਓਸਾਈਟਿਸ ਨਾਂ ਦੀ ਬੀਮਾਰੀ ਤੋਂ ਪੀੜਤ ਸੀ, ਜੋ ਕਿ ਬਹੁਤ ਹੀ ਦੁਰਲੱਭ ਇੰਫੈਕਸ਼ਨ ਹੈ। ਇਸ ਬੀਮਾਰੀ ਦਾ ਇਕੋ-ਇਕ ਇਲਾਜ ਸਟੀਰਾਇਡ ਹੈ, ਜਿਸ ਤੋਂ ਬਾਅਦ ਉਸ ਨੂੰ ਸਟੀਰਾਇਡ ਦਿੱਤੇ ਗਏ। ਇਸ ਕਾਰਨ ਸੁਹਾਨੀ ਦੇ ਸਰੀਰ ਦਾ ਆਟੋ ਇਮਿਊਨ ਸਿਸਟਮ ਪ੍ਰਭਾਵਿਤ ਹੋ ਗਿਆ ਤੇ ਇਮਿਊਨਿਟੀ ਕਮਜ਼ੋਰ ਹੋ ਗਈ।’’

Add a Comment

Your email address will not be published. Required fields are marked *