ਕੱਚਾ ਮਾਲ ਹੋਇਆ ਮਹਿੰਗਾ, ਵਪਾਰੀਆਂ ਲਈ ਖੜ੍ਹੀ ਹੋਈ ‘ਵੱਡੀ ਪ੍ਰੇਸ਼ਾਨੀ’

ਜਲੰਧਰ – ਪੰਜਾਬ ਲਈ ਦਿੱਲੀ ਹੁਣ ਦੂਰ ਹੋ ਚੁੱਕੀ ਹੈ ਕਿਉਂਕਿ ਹਰਿਆਣਾ ਬਾਰਡਰ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਪੰਜਾਬ ਦੇ ਵਾਹਨਾਂ ਨੂੰ ਲੰਮੇ ਰਸਤੇ ਤੋਂ ਦਿੱਲੀ ਜਾਣਾ ਪੈ ਰਿਹਾ ਹੈ।

ਵਪਾਰੀਆਂ ਲਈ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੀਆਂ ਫੈਕਟਰੀਆਂ ਵਿਚ ਆਉਣ ਵਾਲਾ ਕੱਚਾ ਮਾਲ ਮਹਿੰਗਾ ਪੈਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਦਿੱਲੀ ਰੂਟ ’ਤੇ ਜਾਣ ਵਾਲੀਆਂ ਸਰਕਾਰੀ ਬੱਸਾਂ ਲਗਭਗ ਬੰਦ ਪਈਆਂ ਹਨ। ਇਸ ਘਟਨਾਕ੍ਰਮ ਕਾਰਨ ਵਪਾਰੀਆਂ ਅਤੇ ਯਾਤਰੀਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਸਾਮਾਨ ਦੀ ਪਹੁੰਚ ਬੇਹੱਦ ਮੁਸ਼ਕਲ ਹੋ ਰਹੀ ਹੈ।

ਦਿੱਲੀ ਜਾਣ ਲਈ 100 ਕਿਲੋਮੀਟਰ ਲੰਮੇ ਰੂਟ ਤੋਂ ਹੋ ਕੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਕਿਰਾਏ-ਭਾੜੇ ਵਿਚ ਅਚਾਨਕ ਭਾਰੀ ਵਾਧਾ ਦਰਜ ਹੋਇਆ ਹੈ। ਦੂਜੇ ਪਾਸੇ ਦਿੱਲੀ ਤੋਂ ਆਉਣ-ਜਾਣ ਲਈ ਵੱਧ ਸਮਾਂ ਲੱਗਣਾ ਸ਼ੁਰੂ ਹੋ ਗਿਆ ਹੈ। ਰਸਤੇ ਵਿਚ ਲੰਮੇ ਜਾਮ ਦੀ ਸਥਿਤੀ ਰੋਜ਼ਾਨਾ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਦਿੱਲੀ ਏਅਰਪੋਰਟ ’ਤੇ ਜਾਣ ਵਾਲੀਆਂ ਕੁਝ ਇਕ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨਾ ਹਰ ਯਾਤਰੀ ਲਈ ਸੰਭਵ ਨਹੀਂ ਹੈ ਕਿਉਂਕਿ ਉਕਤ ਬੱਸਾਂ ਜ਼ਰੀਏ 2500 ਤੋਂ ਵੱਧ ਕਿਰਾਇਆ ਅਦਾ ਕਰਨਾ ਪੈ ਰਿਹਾ ਹੈ।

ਕੰਮਕਾਜ ਦੇ ਸਿਲਸਿਲੇ ਵਿਚ ਦਿੱਲੀ ਜਾਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਟੂਰ ਕਰਨ ਦਾ ਸਿਲਸਿਲਾ ਲਗਭਗ ਬੰਦ ਹੋ ਕੇ ਰਹਿ ਗਿਆ ਹੈ। ਜਿਹੜਾ ਕੱਚਾ ਮਾਲ ਫੈਕਟਰੀਆਂ ਵਿਚ ਪਿਆ ਸੀ, ਉਹ ਹੁਣ ਖਤਮ ਹੋਣ ਦੇ ਕੰਢੇ ’ਤੇ ਹੈ। ਦੂਜੇ ਪਾਸੇ ਦਿੱਲੀ ਤੋਂ ਆਉਣ ਵਾਲੇ ਕੱਚੇ ਮਾਲ ਦੀ ਸਪਲਾਈ ਆਸਾਨੀ ਨਾਲ ਨਹੀਂ ਹੋ ਪਾ ਰਹੀ, ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ।

Add a Comment

Your email address will not be published. Required fields are marked *