​​​​​​ਸ਼ੁਭਕਰਨ ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ’

ਪਟਿਆਲਾ- ਬੀਤੇ ਦਿਨ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਸ ਦੀ ਗੋਲੀ ਵੱਜਣ ਕਾਰਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦਾ ਅੱਜ ਸਸਕਾਰ ਨਹੀਂ ਹੋ ਸਕਿਆ ਹੈ। ਇੱਥੋਂ ਤੱਕ ਕਿ ਦੇਰ ਸ਼ਾਮ ਤੱਕ ਸ਼ੁਭਕਰਨ ਦੇ ਪੋਸਟਮਾਰਟਮ ਨੂੰ ਲੈ ਕੇ ਬਵਾਲ ਛਿੜਿਆ ਰਿਹਾ। ਕਿਸਾਨ ਨੇਤਾ ਮੰਗ ਕਰ ਰਹੇ ਸਨ ਕਿ ਪੋਸਟਮਾਰਟਮ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਕਤਲ ਦੀ ਧਾਰਾ 302 ਦਾ ਕੇਸ ਦਰਜ ਕੀਤਾ ਜਾਵੇ, ਜਿਨ੍ਹਾਂ ਨੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ।

ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਤੇ ਸੁਰਜੀਤ ਸਿੰਘ ਫੂਲ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਨਾਲ ਸੱਚਮੁੱਚ ਹੀ ਖੜ੍ਹੀ ਹੈ ਤਾਂ ਪਹਿਲਾਂ ਸ਼ੁਭਕਰਨ ਨੂੰ ਸ਼ਹੀਦ ਐਲਾਨੇ ਤੇ ਉਸ ਦੇ ਪਰਿਵਾਰ ਨੂੰ ਦੇਸ਼ ਦੇ ਸ਼ਹੀਦ ਨੂੰ ਦੇਣ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀਂ ਬਿਲਕੁੱਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੇ ਹਰਿਆਣਾ ਪੁਲਸ ਨੇ ਸਾਡੇ ਉੱਪਰ ਹਮਲਾ ਕੀਤਾ। ਪੰਜਾਬ ਦੇ ਏਰੀਏ ਵਿਚ ਆ ਕੇ ਸਾਡੀ ਮਸ਼ੀਨਰੀ ਦੀ ਭੰਨ-ਤੋੜ ਕੀਤੀ ਗਈ। ਇਸ ਲਈ ਹੁਣ ਪੰਜਾਬ ਸਰਕਾਰ ਲਈ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਹੁਣ ਇਕੱਲੀ ਬਿਆਨਬਾਜ਼ੀ ਨਾਲ ਨਹੀਂ ਸਰਨਾ। ਸਰਕਾਰ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਤੁਰੰਤ ਕੇਸ ਦਰਜ ਕਰੇ। ਇੱਥੋਂ ਤੱਕ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ ਇਸ ਕੇਸ ਵਿਚ ਪਾਰਟੀ ਬਣਾਇਆ ਜਾਵੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ 100 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ ਤੇ ਹੁਣ ਤੱਕ ਸ਼ੰਭੂ ਬਾਰਡਰ ’ਤੇ 167 ਦੇ ਕਰੀਬ ਕਿਸਾਨ ਜ਼ਖਮੀ ਹੋ ਚੁੱਕੇ ਹਨ।

ਕਿਸਾਨ ਨੇਤਾਵਾਂ ਨੇ ਆਖਿਆ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਦੇ ਹੁਕਮਾਂ ’ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ’ਤੇ ਗੋਲੀਆਂ ਚਲਵਾਈਆਂ ਹਨ। ਉਨ੍ਹਾਂ ਆਖਿਆ ਕਿ ਦੇਸ਼ ਦਾ ਅੰਨਦਾਤਾ ਕਿਸਾਨ ਨੂੰੂ ਹੁਣ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਵੀ ਆਗਿਆ ਨਹੀਂ ਹੈ। ਕਿਸਾਨ ਨੇਤਾਵਾਂ ਨੇ ਆਖਿਆ ਕਿ ਬੀਤੇ ਦਿਨ ਪੰਜਾਬ ਵਾਲੇ ਪਾਸੇ ਆ ਕੇ ਹਰਿਆਣਾ ਪੁਲਸ ਸਾਡੇ 5 ਕਿਸਾਨਾਂ ਨੂੰ ਚੁੱਕ ਕੇ ਲੈ ਗਈ ਹੈ। ਪੰਜਾਬ ਸਰਕਾਰ ਤੁਰੰਤ ਹਰਿਆਣਾ ਸਰਕਾਰ ਨਾਲ ਸੰਪਰਕ ਕਰ ਕੇ ਸਾਡੇ 5 ਕਿਸਾਨ ਵਾਪਸ ਦਿਵਾਏ ਤੇ ਸਾਨੂੰ ਦੱਸੇ ਕਿ ਇਸ ਵੇਲੇ ਉਨ੍ਹਾਂ ਦੀ ਹਾਲਤ ਕੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਕਿਸਾਨਾਂ ’ਤੇ ਤਸ਼ੱਦਦ ਸਹਿਣ ਨਹੀਂ ਕੀਤਾ ਜਾਵੇਗਾ। ਕਿਸਾਨ ਨੇਤਾਵਾਂ ਨੇ ਇਸ ਮੌਕੇ ਆਖਿਆ ਕਿ ਬੀਤੇ ਪੰਜਾਬ ਪੁਲਸ ਨੇ ਵੀ ਸਾਡੇ ਵਾਹਨ ਰੋਕੇ। ਇਥੋਂ ਤੱਕ ਕਿ ਸਾਡੇ ਲੰਗਰਾਂ ਨੂੰ ਵੀ ਰੋਕਿਆ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਪੁਲਸ ਨੇ ਇਹ ਕਿਸ ਦੀ ਸ਼ਹਿ ’ਤੇ ਕੀਤਾ। ਇਹ ਗੱਲ ਪੰਜਾਬ ਪੁਲਸ ਸਪੱਸ਼ਟ ਕਰੇ। ਜੇਕਰ ਇਨ੍ਹਾਂ ਪੁਲਸ ਅਫਸਰਾਂ ਨੇ ਇਹ ਖੁਦ ਕੀਤਾ ਹੈ ਤਾਂ ਇਨ੍ਹਾਂ ਖਿਲਾਫ ਵੀ ਕਾਰਵਾਈ ਹੋਵੇ।

ਕਿਸਾਨ ਨੇਤਾਵਾਂ ਨੇ ਇਸ ਮੌਕੇ ਆਖਿਆ ਕਿ ਅਸੀਂ ਕੱਲ ਹੀ ਇਹ ਸਪੱਸ਼ਟ ਕੀਤਾ ਸੀ ਕਿ ਦੋ ਦਿਨ ਦਿੱਲੀ ਕੂਚ ਮੁਲਤਵੀ ਕੀਤਾ ਗਿਆ ਹੈ। ਇਸ ਲਈ ਹੁਣ ਅਗਲੇ ਐਕਸ਼ਨ ਦਾ ਐਲਾਨ ਅੱਜ ਦੇਰ ਰਾਤ ਮੀਟਿੰਗ ਕਰ ਕੇ ਜਾਂ ਫਿਰ ਕੱਲ ਦੇਰ ਸ਼ਾਮ ਤੱਕ ਹੋਵੇਗਾ, ਜੋ ਕਿ ਬਹੁਤ ਹੀ ਸਖਤ ਹੋਵੇਗਾ। ਕਿਸਾਨ ਨੇਤਾਵਾਂ ਨੇ ਦੂਜੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਸਭ ਨੂੰ ਅਪੀਲ ਕੀਤੀ ਕਿ ਉਹ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੇ ਬਰਾਬਰ ਪ੍ਰੋਗਰਾਮ ਕਰਨ ਦੀ ਥਾਂ ਉਨ੍ਹਾਂ ਨੂੰ ਸਹਿਯੋਗ ਕਰਨ ਤੇ ਇਨ੍ਹਾਂ ਮੋਰਚਿਆਂ ਵਿਚ ਆ ਕੇ ਸਹਿਯੋਗ ਦੇਣ।

ਕਿਸਾਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਕੇਂਦਰ ਨਾਲ ਅਗਲੀ ਗੱਲਬਾਤ ਕਰਨ ਲਈ ਉਹ ਤਿਆਰ ਨਹੀਂ ਹਨ। ਪਹਿਲਾਂ ਕੇਂਦਰ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਉਣ ਲਈ ਏਜੰਡਾ ਲੈ ਕੇ ਆਵੇ, ਫਿਰ ਹੀ ਗੱਲਬਾਤ ਹੋ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਕਾਲੀ ਦਲ, ਭਾਜਪਾ, ‘ਆਪ’ ਤੇ ਕਾਂਗਰਸ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਹ ਐੱਮ.ਐੱਸ.ਪੀ. ਲਈ ਲੋਕ ਸਭਾ ਵਿੱਚ ਬਿੱਲ ਲਿਆਉਣ ਲਈ ਦੇਸ਼ ਦੀ ਸਰਕਾਰ ’ਤੇ ਦਬਾਅ ਕਿਉਂ ਨਹੀਂ ਪਾ ਰਹੀਆਂ।

Add a Comment

Your email address will not be published. Required fields are marked *