ਕਿਸਾਨਾਂ ਖ਼ਿਲਾਫ਼ ਲੱਗੇਗੀ NSA! ਹਰਿਆਣਾ ਪੁਲਸ ਨੇ ਖਿੱਚੀ ਕਾਰਵਾਈ ਦੀ ਤਿਆਰੀ

ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਸ ਨੇ ਨੈਸ਼ਨਲ ਸਕਿਊਰਟੀ ਐਕਟ (NSA), 1980 ਦੇ ਤਹਿਤ ਸੂਬੇ ਦੀ ਸਰਹੱਦ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਸਰਗਰਮੀ ਨਾਲ ਸ਼ਾਮਲ ਕਿਸਾਨ ਆਗੂਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਇਕ ਅਧਿਕਾਰਤ ਬਿਆਨ ਮੁਤਾਬਕ, ਅੰਬਾਲਾ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ 13 ਫ਼ਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਸ਼ੰਭੂ ਬਾਰਡਰ ‘ਤੇ ਲਗਾਏ ਗਏ ਬੈਰੀਕੇਡਸ ਤੋੜਣ ਲਈ ਕਿਸਾਨ ਸੰਗਠਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਅੰਬਾਲਾ ਪੁਲਸ ਨੇ ਕਿਹਾ, “ਰੋਜ਼ਾਨਾ ਪੁਲਸ ਪ੍ਰਸ਼ਾਸਨ ‘ਤੇ ਪਥਰਾਅ ਤੇ ਹੰਗਾਮਾ ਕਰ ਕਾਨੂੰਨ ਵਿਵਸਥਾ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਗਏ ਨੁਕਸਾਨ ਦਾ ਹਿਸਾਬ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ  ਸਬੰਧੀ ਆਮ ਜਨਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੇਕਰ ਇਸ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਦੀ ਜਾਇਦਾਦ ਤੇ ਬੈਂਕ ਖਾਤੇ ਜ਼ਬਤ ਕਰ ਕੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।”

ਅੰਬਾਲਾ ਪੁਲਸ ਨੇ ਕਿਹਾ, “ਇਸ ਸਬੰਧ ਵਿਚ, ਪ੍ਰਸ਼ਾਸਨ ਵੱਲੋਂ ਅੰਦੋਲਨਕਾਰੀਆਂ ਅਤੇ ਕਿਸਾਨ ਯੂਨੀਅਨਾਂ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅੰਦੋਲਨ ਦੌਰਾਨ ਜੇਕਰ ਕਿਸੇ ਆਮ ਵਿਅਕਤੀ ਨੂੰ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਹੈ ਤਾਂ ਉਹ ਪ੍ਰਸ਼ਾਸਨ ਨੂੰ ਨੁਕਸਾਨ ਦਾ ਵੇਰਵਾ ਦੇ ਸਕਦਾ ਹੈ।” ਪੁਲਸ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਦੇ ਮੁੱਖ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) 1980 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਸ ਸਰਕਾਰੀ ਜਾਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ।

ਅੰਬਾਲਾ ਪੁਲਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ੰਭੂ ਬਾਰਡਰ ਰਾਹੀਂ ਹਰਿਆਣਾ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਭਾਰੀ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲ਼ੀਆਂ, ਵਾਟਰ ਕੈਨਨ ਤੋਂ ਇਲਾਵਾ ਬਹੁ-ਪਰਤੀ ਬੈਰੀਕੇਡਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਦੂਰੀ ‘ਤੇ ਰੱਖਿਆ। ਪਹਿਲੇ ਦਿਨ ਕਿਸਾਨਾਂ ਨੇ ਕੰਕਰੀਟ ਦੇ ਬਲਾਕ ਬੈਰੀਕੇਡਿੰਗ ਦੀ ਸਿਰਫ਼ ਇਕ ਪਰਤ ਹਟਾ ਕੇ ਬਲਾਕਾਂ ਨੂੰ ਪੰਜਾਬ ਵੱਲ ਖਿੱਚਿਆ ਸੀ। ਬੀਤੇ ਦਿਨੀਂ ਖਨੌਰੀ ਬਾਰਡਰ ‘ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਇਸ ਮਗਰੋਂ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਦਿੱਲੀ ਕੂਚ ਨੂੰ 2 ਦਿਨ ਲਈ ਰੋਕਣ ਦਾ ਐਲਾਨ ਕਰ ਦਿੱਤਾ। ਵੀਰਵਾਰ ਨੂੰ ਸ਼ੰਭੂ ਬਾਰਡਰ ‘ਤੇ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਰਹੀ।

Add a Comment

Your email address will not be published. Required fields are marked *