ਇੰਗਲੈਂਡ ਖ਼ਿਲਾਫ਼ ਸੀਰੀਜ਼ ਦੇ ਬਾਕੀ ਮੈਚ ਨਹੀਂ ਖੇਡਣਗੇ ਬੁਮਰਾਹ

ਰਾਜਕੋਟ : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਭਾਰਤੀ ਟੈਸਟ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ, ਜਦਕਿ ਸੀਨੀਅਰ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਚੌਥੇ ਮੈਚ ਵਿਚੋਂ ਬਾਹਰ ਹੋ ਗਏ ਹਨ। ਉਹ ਸ਼ੁੱਕਰਵਾਰ ਤੋਂ ਰਾਂਚੀ ਵਿਚ ਸ਼ੁਰੂ ਹੋ ਰਹੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਲਈ ਪੂਰੀ ਤਰ੍ਹਾਂ ਫਿਟਨੈੱਸ  ਹਾਸਲ ਕਰਨ ਤੋਂ ਨਾਕਾਮ ਰਹੇ ਹਨ। ਬੁਮਰਾਹ ਨੂੰ ਉਨ੍ਹਾਂ ਦੇ ਵਰਕਲੋਡ ਮੈਨੇਜਮੈਂਟ ਤਹਿਤ ਟੀਮ ਤੋਂ ਰਿਲੀਜ਼ ਕੀਤਾ ਗਿਆ ਹੈ। ਉਹ ਤਿੰਨ ਮੈਚਾਂ ਵਿਚ 17 ਵਿਕਟਾਂ ਦੇ ਨਾਲ ਟੈਸਟ ਸੀਰੀਜ਼ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਵਿਸ਼ਾਖਾਪਟਨਮ ਵਿਚ ਦੂਸਰੇ ਟੈਸਟ ਵਿਚ ਆਪਣੇ ਦਮ ‘ਤੇ ਭਾਰਤ ਨੂੰ ਜਿੱਤ ਦਵਾਈ ਸੀ। ਰਾਹੁਲ ਜ਼ਖ਼ਮੀ ਹੋਣ ਕਾਰਨ ਦੂਸਰਾ ਤੇ ਤੀਸਰਾ ਟੈਸਟ ਵੀ ਨਹੀਂ ਖੇਡ ਪਾਏ ਸਨ।

ਬੀ.ਸੀ.ਸੀ.ਆਈ. ਨੇ ਇਕ ਬਿਆਨ ਵਿਚ ਕਿਹਾ, “ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਖ਼ਿਲਾਫ਼ ਰਾਂਚੀ ਵਿਚ ਹੋਣ ਵਾਲੇ ਚੌਥੇ ਟੈਸਟ ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਮੌਜੂਦਾ ਸੀਰੀਜ਼ ਤੇ ਹਾਲ ਦੇ ਦਿਨਾਂ ਵਿਚ ਉਨ੍ਹਾਂ ਵੱਲੋਂ ਖੇਡੀ ਗਈ ਕ੍ਰਿਕਟ ਮੈਚਾਂ ਦੀ ਗਿਣਤੀ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਲੋਕੇਸ਼ ਰਾਹੁਲ ਚੌਥੇ ਟੈਸਟ ‘ਚੋਂ ਵੀ ਬਾਹਰ ਰਹਿਣਗੇ। ਧਰਮਸ਼ਾਲਾ ਵਿਚ ਅਖ਼ੀਰਲੇ ਟੈਸਟ ਮੈਚ ਵਿਚ ਵੀ ਉਨ੍ਹਾਂ ਦੀ ਹਿੱਸੇਦਾਰੀ ਫਿਟਨੈੱਸ ‘ਤੇ ਨਿਰਭਰ ਹੈ।”  ਰਾਜਕੋਟ ਵਿਚ ਤੀਜੇ ਟੈਸਟ ਲਈ ਟੀਮ ਤੋਂ ਰਿਲੀਜ਼ ਕੀਤੇ ਗਏ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਰਾਂਚੀ ਵਿਚ ਟੀਮ ਨਾਲ ਜੁੜ ਗਏ ਹਨ।

Add a Comment

Your email address will not be published. Required fields are marked *