ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ
February 21, 2024
ਅਲਮਾਲਿਕ – ਉਜ਼ਬੇਕਿਸਤਾਨ ਦੇ ਅਲਮਾਲਿਕ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਪ੍ਰੋਜੈਕਟ ਸਾਈਟ ’ਤੇ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 30 ਜ਼ਖ਼ਮੀ ਹੋ ਗਏ। ਇਹ ਸਾਰੇ ਭਾਰਤ ਦੇ ਨਾਗਰਿਕ ਸਨ। ਇਹ ਹਾਦਸਾ ਠੰਡੇ ਮੌਸਮ, ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਵਾਪਰਿਆ। ਉਜ਼ਬੇਕਿਸਤਾਨ ਸਥਿਤ ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ। ਦੂਤਘਰ ਦੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅਲਮਾਲਿਕ ਸਿਟੀ ਹਸਪਤਾਲ ਵਿਚ ਜ਼ਖ਼ਮੀ ਪੀੜਤਾਂ ਨਾਲ ਮੁਲਾਕਾਤ ਕੀਤੀ।
ਦੂਤਘਰ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅਸੀਂ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਰੁਜ਼ਗਾਰ ਦੇਣ ਵਾਲੀ ਕੰਪਨੀ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।’ ਦੂਤਘਰ ਨੇ ਐਮਰਜੈਂਸੀ ਸੰਪਰਕ ਨੰਬਰ 998 933875242 ਜਾਰੀ ਕੀਤਾ ਹੈ।

