ਪਾਕਿਸਤਾਨ ‘ਚ ਹੋਮਵਰਕ ਨਾ ਕਰਨ ‘ਤੇ ਪਿਓ ਨੇ 12 ਸਾਲਾ ਬੇਟੇ ਨੂੰ ਜ਼ਿੰਦਾ ਸਾੜਿਆ

ਇਸਲਾਮਾਬਾਦ : ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੋਂ ਦੇ ਕਰਾਚੀ ਸ਼ਹਿਰ ‘ਚ ਇਕ ਪਿਤਾ ਨੇ ਹੋਮਵਰਕ ਨਾ ਕਰਨ ‘ਤੇ ਆਪਣੇ ਬੇਟੇ ਨੂੰ ਅੱਗ ਲਗਾ ਕੇ ਮਾਰ ਦਿੱਤਾ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਸਕੂਲ ਵੱਲੋਂ ਦਿੱਤਾ ਹੋਮਵਰਕ ਨਾ ਕਰਨ ‘ਤੇ ਵਿਅਕਤੀ ਵੱਲੋਂ ਆਪਣੇ ਨਾਬਾਲਗ ਬੇਟੇ ਨੂੰ ਕਥਿਤ ਤੌਰ ‘ਤੇ ਅੱਗ ਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ 14 ਸਤੰਬਰ ਦੀ ਹੈ ਜਦੋਂ ਮੁਲਜ਼ਮ ਪਿਤਾ ਨਜ਼ੀਰ ਨੇ ਰਈਸ ਅਮਰੋਵੀ ਕਲੋਨੀ ਵਿੱਚ ਆਪਣੇ 12 ਸਾਲਾ ਬੇਟੇ ਸ਼ਹੀਰ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੀ।

ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਨੂੰ ਗੰਭੀਰ ਰੂਪ ਨਾਲ ਝੁਲਸਣ ਤੋਂ ਬਾਅਦ ਨੇੜੇ ਦੇ ਸਿੰਧ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਕਰਾਚੀ ਦੇ ਹੀ ਡਾਕਟਰ ਰੂਥ ਕੇ.ਐੱਮ.ਫਾਊ ਸਿਵਲ ਹਸਪਤਾਲ (ਸੀ.ਐੱਚ.ਕੇ.) ਦੇ ਬਰਨ ਸੈਂਟਰ ਲਈ ਰੈਫਰ ਕਰ ਦਿੱਤਾ ਗਿਆ। ਬਰਨ ਸੈਂਟਰ ਵਿੱਚ ਇਲਾਜ ਦੌਰਾਨ ਸ਼ਹੀਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੁੱਢਲੀ ਜਾਂਚ ਦੌਰਾਨ ਮੁਲਜ਼ਮ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਪੁੱਤਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਡਰਾਉਣ ਲਈ ਉਸ ‘ਤੇ ਮਿੱਟੀ ਦਾ ਤੇਲ ਛਿੜਕਿਆ ਸੀ ਕਿਉਂਕਿ ਉਹ ਸਕੂਲ ਦਾ ਹੋਮਵਰਕ ਨਹੀਂ ਕਰ ਰਿਹਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਬੇਟੇ ਨੂੰ ਡਰਾਉਣ ਲਈ ਮਾਚਿਸ ਬਾਲੀ ਸੀ ਪਰ ਤੇਲ ਵਿੱਚ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਸੜ ਗਿਆ। ਸੋਮਵਾਰ ਨੂੰ ਨਿਆਂਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਨਜ਼ੀਰ ਨੂੰ 24 ਸਤੰਬਰ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ।

Add a Comment

Your email address will not be published. Required fields are marked *