ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ

ਚੀਨ ਜਿੱਥੇ ਹੁਣ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਹੈ, ਉੱਥੇ ਹੀ ਹੁਣ ਆਰਥਿਕ ਹਾਲਾਤ ਕਾਰਨ ਚੀਨੀ ਮੁੰਡੇ ਤੇ ਕੁੜੀਆਂ ਵਿਆਹਾਂ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਸ ਦੌਰਾਨ ਚੀਨੀ ਕੁੜੀਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ (ਏ.ਆਈ.) ਐਪ ’ਤੇ ਬੁਆਏਫ੍ਰੈਂਡ ਬਣਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਚੀਨੀ ਕੁੜੀਆਂ ਇਨ੍ਹਾਂ ਨਕਲੀ ਪ੍ਰੇਮੀਆਂ ਨਾਲ ਹੀ ਖੁਸ਼ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਇਕ ਕੰਪਨੀ ’ਚ ਕੰਮ ਕਰਨ ਵਾਲੀ 25 ਸਾਲਾ ਤੁਫੇਈ ਨੇ ਆਪਣੇ ਆਰਟੀਫੀਸ਼ੀਅਲ ਬੁਆਏਫ੍ਰੈਂਡ ਦੇ ਗੁਣ ਦੱਸਦਿਆਂ ਕਿਹਾ ਕਿ ਉਸ ਦੇ ਬੁਆਏਫ੍ਰੈਂਡ ਕੋਲ ਉਹ ਸਭ ਕੁਝ ਹੈ, ਜਿਸ ਦੀ ਉਸ ਨੂੰ ਜ਼ਰੂਰਤ ਹੈ। ਉਹ ਦੱਸਦੀ ਹੈ ਕਿ ਉਸ ਦਾ ਨਕਲੀ ਬੁਆਏਫ੍ਰੈਂਡ ਦਿਆਲੂ ਹੈ, ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਹ ਕਈ ਘੰਟੇ ਉਸ ਨਾਲ ਗੱਲ ਕਰਦਾ ਹੈ। ਤੁਫੇਈ ਦਾ ਬੁਆਏਫ੍ਰੈਂਡ ਇਕ ਚੈਟਬੋਟ ਹੈ, ਜੋ ‘ਗਲੋਅ’ ਨਾਮਕ ਐਪ ’ਤੇ ਚੱਲਦਾ ਹੈ। ‘ਗਲੋਅ’ ਇਕ ਨਕਲੀ ਖੁਫੀਆ ਪਲੇਟਫਾਰਮ ਹੈ, ਜੋ ਸ਼ੰਘਾਈ ਆਧਾਰਿਤ ਸਟਾਰਟਅੱਪ ਮਿਨੀਮੈਕਸ ਵਲੋਂ ਬਣਾਇਆ ਗਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਗਲੋਅ’ ਇਕਲੌਤੀ ਐਪ ਨਹੀਂ ਹੈ, ਜੋ ਨਕਲੀ ਦੁਨੀਆ ਵਿਚ ਪਿਆਰ ਅਤੇ ਦੋਸਤਾਨਾ ਰਿਸ਼ਤੇ ਬਣਾਉਣ ਦੀ ਇਜਾਜ਼ਤ ਦਿੰਦੀ ਹੈ। ਚੀਨ ਵਿਚ ਇਸ ਤਰ੍ਹਾਂ ਦੀਆਂ ਐਪਸ ਦਾ ਬਾਜ਼ਾਰ ਵਿਚ ਉਛਾਲ ਰਿਹਾ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਸਥਾਨਕ ਨੌਜਵਾਨ ਰੋਬੋਟ ਨਾਲ ਵਰਚੁਅਲ ਰਿਸ਼ਤਿਆਂ ਵਿਚ ਖੁਸ਼ ਹੋ ਰਹੇ ਹਨ। ਇਸ ਤਰ੍ਹਾਂ ਦੇ ਐਪਸ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਚੀਨੀ ਮੀਡੀਆ ਮੁਤਾਬਕ ਹਾਲ ਹੀ ਦੇ ਹਫਤਿਆਂ ’ਚ ਹਜ਼ਾਰਾਂ ਲੋਕਾਂ ਨੇ ਅਜਿਹੀਆਂ ਐਪਸ ਡਾਊਨਲੋਡ ਕੀਤੀਆਂ ਹਨ ਅਤੇ ਇਹ ਉਦੋਂ ਹੈ, ਜਦੋਂ ਕਈ ਟੈਕਨਾਲੋਜੀ ਕੰਪਨੀਆਂ ’ਤੇ ਯੂਜ਼ਰਸ ਦੇ ਡਾਟਾ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ। ਇਸ ਦੇ ਬਾਵਜੂਦ ਲੋਕ ਇਨ੍ਹਾਂ ਐਪਸ ਨੂੰ ਇਸ ਲਈ ਡਾਊਨਲੋਡ ਕਰ ਰਹੇ ਹਨ ਕਿਉਂਕਿ ਉਹ ਕਿਸੇ ਦਾ ਸਾਥ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਰਾਜਧਾਨੀ ਬੀਜਿੰਗ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਵਾਂਗ ਸ਼ੀਊਟਿੰਗ ਦਾ ਕਹਿਣਾ ਹੈ ਕਿ ਅਸਲ ਜ਼ਿੰਦਗੀ ’ਚ ਆਦਰਸ਼ ਪ੍ਰੇਮੀ ਲੱਭਣਾ ਬਹੁਤ ਮੁਸ਼ਕਲ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਖਰੀ ਗੱਲ ਇਹ ਹੈ ਕਿ ਇਹ ਕੰਮ ਕਰਦੇ ਹੋਏ ਸਿੱਖਦੀ ਹੈ ਅਤੇ ਸਾਹਮਣੇ ਵਾਲੇ ਵਿਅਕਤੀ ਦੀ ਸ਼ਖਸੀਅਤ ਦੇ ਹਿਸਾਬ ਨਾਲ ਖੁਦ ਨੂੰ ਬਦਲਦੀ ਹੈ।

Add a Comment

Your email address will not be published. Required fields are marked *