ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ

ਕਿਸਾਨਾਂ ਵਲੋਂ ‘ਦਿੱਲੀ ਚੱਲੋ’ ਮਾਰਚ ਅੱਜ ਦਿੱਲੀ ਵੱਲ ਰਵਾਨਾ ਹੋ ਗਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ ਤੋਂ ਕਿਸਾਨ ਦਿੱਲੀ ਰਵਾਨਾ ਹੋ ਗਏ ਹਨ। ਹਾਲਾਂਕਿ ਇਸ ਅੰਦੋਲਨ ‘ਚ ਸੰਯੁਕਤ ਕਿਸਾਨ ਮੋਰਚਾ ਸ਼ਾਮਲ ਨਹੀਂ ਹੈ। ਇਹ ਕੁਝ ਕਿਸਾਨ ਜੱਥੇਬੰਦੀਆਂ ਦਾ ਪ੍ਰਦਰਸ਼ਨ ਹੈ। ਕਿਸਾਨਾਂ ਦੀ ਤਿਆਰੀ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਸਖ਼ਤ ਪਹਿਰੇਦਾਰੀ ਕੀਤੀ ਹੈ। 

ਉਥੇ ਹੀ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਸ਼ੰਭੂ ਬਾਰਡਰ ‘ਤੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ-ਅਸੀਂ  ਕਿਸਾਨਾਂ ਦੇ ਨਾਲ-ਨਾਲ ਪੁਲਸ ਨੂੰ ਵੀ ਲੰਗਰ ਛਕਾਵਾਂਗੇ। ਸਾਡਾ ਫਰਜ਼ ਹੈ ਹੱਕ ਸੱਚ ਲਈ ਖੜ੍ਹੇ ਹੋਣਾ। ਵਾਹਿਗੁਰੂ ਜੀ ਨੇ ਸਾਨੂੰ ਹੱਕ-ਸੱਚ ਲਈ ਕਲਮ ਦਾ ਗੁਣ ਬਖਸ਼ਿਆ ਹੈ ਸੋ ਸਾਡਾ ਫਰਜ ਬਣਦਾ ਹੈ ਕਿ ਅਸੀਂ ਸੱਚ ਦੇ ਹੱਕ ‘ਚ ਖੜ੍ਹੇ ਹੋਈਏ। ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਇਥੇ ਅਸੀਂ ਲੜਨ ਨਹੀਂ ਆਉਣ ਸਿਰਫ਼ ਹੱਕ-ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਸਿਰਫ਼ ਹੱਥ ਜੋੜ ਕੇ ਆਪਣੇ ਹੱਕ ਮੰਗਣੇ ਹਨ।

ਦੱਸ ਦਈਏ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ, ਪੰਜਾਬ ਅਤੇ ਯੂਪੀ ਦੀਆਂ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਰਹੱਦ ਨੂੰ ਕੰਡਿਆਲੀ ਤਾਰ ਅਤੇ ਸੀਮੈਂਟ ਦੇ ਬੈਰੀਕੇਡਾਂ ਨਾਲ ਢੱਕਿਆ ਜਾ ਰਿਹਾ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਉੱਤਰ-ਪੂਰਬੀ ਦਿੱਲੀ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬਾਰਡਰ ‘ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀਆਂ ਤਿਆਰੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਕਿਸਾਨ ਵੀ ਦਿੱਲੀ ਪਹੁੰਚ ਸਕਦੇ ਹਨ। ਇਸ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਮਸਲਿਆਂ ਦਾ ਹੱਲ ਕੱਢਣ ਲਈ ਕਿਹਾ ਹੈ।

ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਧਿਆਨ ’ਚ ਰੱਖਦਿਆਂ ਹਰਿਆਣਾ ਸਰਕਾਰ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਐਤਵਾਰ ਸਵੇਰ ਤੋਂ 3 ਦਿਨਾਂ ਲਈ ਇੰਟਰਨੈੱਟ ਅਤੇ ਐੱਸ. ਐੱਮ. ਐੱਸ. ’ਤੇ ਪੂਰਨ ਪਾਬੰਦੀ ਰਹੇਗੀ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਰਸਾ, ਹਿਸਾਰ, ਅੰਬਾਲਾ, ਜੀਂਦ, ਕੈਥਲ, ਕੁਰੂਕਸ਼ੇਤਰ ਅਤੇ ਫਤਿਹਾਬਾਦ ਵਿੱਚ 11 ਫਰਵਰੀ ਨੂੰ ਸਵੇਰੇ 6 ਵਜੇ ਤੋਂ 13 ਫਰਵਰੀ ਦੀ ਦਰਮਿਆਨੀ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਹਰਿਆਣਾ ਨੂੰ ਕੇਂਦਰ ਸਰਕਾਰ ਵੱਲੋਂ ਅਰਧ ਸੈਨਿਕ ਬਲਾਂ ਦੀਆਂ 64 ਬਟਾਲੀਅਨਾਂ ਮਿਲੀਆਂ ਹਨ, ਜਿਨ੍ਹਾਂ ’ਚੋਂ 14 ਅੱਜ ਭੇਜੀਆਂ ਗਈਆਂ।

Add a Comment

Your email address will not be published. Required fields are marked *