ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ

ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ 79 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੇ ਬੱਲੇਬਾਜ਼ ਹਰਜੱਸ ਸਿੰਘ (55) ਦੇ ਸ਼ਾਨਦਾਰ ਅਰਧ ਸੈਂਕੜੇ, ਹਿਊ ਵਾਈਬਜਨ (48) ਤੇ ਓਲੀ ਪੀਕ (ਨਾਬਾਦ 46) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ ਆਸਟ੍ਰੇਲੀਆ ਨੇ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 253 ਦੌੜਾਂ ਬਣਾਈਆਂ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਰਾਜ ਲਿੰਬਾਨੀ ਨੇ 3 ਵਿਕਟਾਂ, ਨਮਨ ਤਿਵਾਰੀ ਨੇ 2 ਵਿਕਟਾਂ ਕੱਢੀਆਂ, ਜਦਕਿ ਸੌਮਿਆ ਕੁਮਾਰ ਪਾਂਡੇ ਤੇ ਮੁਸ਼ੀਰ ਖਾਨ ਨੂੰ 1-1 ਵਿਕਟ ਮਿਲੀ।

254 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਅਰਸ਼ਿਨ ਕੁਲਕਰਨੀ ਤੀਜੇ ਓਵਰ ‘ਚ ਹੀ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਮੁਸ਼ੀਰ ਖ਼ਾਨ ਨੇ ਕੁਝ ਵਧੀਆ ਸ਼ਾਟ ਖੇਡੇ, ਪਰ ਉਹ ਵੀ ਜ਼ਿਆਦਾ ਦੇਰ ਟਿਕ ਕੇ ਨਾ ਖੇਡ ਸਕਿਆ ਤੇ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਉਦੈ ਸਹਾਰਨ ਵੀ ਕੁਝ ਖ਼ਾਸ ਨਹੀਂ ਕਰ ਸਕਿਆ ਤੇ ਸਿਰਫ਼ 8 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। 

ਸੈਮੀਫਾਈਨਲ ਮੈਚ ਦੇ ਹੀਰੋ ਰਹੇ ਸਚਿਨ ਧਾਸ ਵੀ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਪ੍ਰਿਯਾਂਸ਼ੂ ਮੌਲਿਆ ਵੀ 9 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। ਅਰਵੇਲੀ ਅਵਿਨਾਸ਼ ਰਾਓ ਬਿਨਾਂ ਖਾਤਾ ਖੋਲ੍ਹੇ ਰਫੀਲ ਮੈਕਮਿਲਨ ਦੀ ਗੇਂਦ ‘ਤੇ ਉਸੇ ਨੂੰ ਕੈਚ ਦੇ ਬੈਠਾ।

ਸੂਝਬੂਝ ਨਾਲ ਬੱਲੇਬਾਜ਼ੀ ਕਰ ਰਹੇ ਓਪਨਰ ਆਦਰਸ਼ ਸਿੰਘ ਨੇ ਆਪਣੇ ਵੱਲੋਂ ਟੀਮ ਦੀ ਬੇੜੀ ਪਾਰ ਲਗਾਉਣ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਉਹ ਵੀ ਆਸਟ੍ਰੇਲੀਆ ਦੀ ਗੇਂਦਬਾਜ਼ੀ ਅੱਗੇ ਗੋਡੇ ਟੇਕ ਗਿਆ ਤੇ 47 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। ਰਾਜ ਲਿੰਬਾਨੀ ਬਿਨਾਂ ਖਾਤਾ ਖੋਲ੍ਹੇ ਹੀ ਰਫੀਲ ਮੈਕਮਿਲਨ ਦੀ ਗੇਂਦ ‘ਤੇ ਕਲੀਨ ਬੋਲਡ ਹੋ ਗਿਆ। ਇਸ ਤੋਂ ਬਾਅਦ ਮੁਰੂਗਨ ਅਭਿਸ਼ੇਕ ਨੇ ਮੋਰਚਾ ਸੰਭਾਲਿਆ ਤੇ 42 ਦੌੜਾਂ ਦੀ ਪਾਰੀ ਖੇਡੀ। ਵਧ ਰਹੀ ਜ਼ਰੂਰੀ ਰਨ ਰੇਟ ਕਾਰਨ ਉਹ ਵੀ ਤੇਜ਼ੀ ਨਾਲ ਖੇਡਣ ਦੇ ਚੱਕਰ ‘ਚ ਆਊਟ ਹੋ ਗਿਆ। ਇਸ ਤੋਂ ਬਾਅਦ ਕੋਈ ਹੋਰ ਬੱਲੇਬਾਜ਼ ਕੁਝ ਨਹੀਂ ਕਰ ਸਕਿਆ ਤੇ ਸੌਮਿਆ ਕੁਮਾਰ ਪਾਂਡੇ ਆਖਰੀ ਬੱਲੇਬਾਜ਼ ਦੇ ਰੂਪ ‘ਚ ਆਊਟ ਹੋ ਗਿਆ। ਇਸ ਤਰ੍ਹਾਂ ਇਹ ਮੁਕਾਬਲਾ ਆਸਟ੍ਰੇਲੀਆ ਨੇ 79 ਦੌੜਾਂ ਨਾਲ ਜਿੱਤੇ ਕਿ ਖ਼ਿਤਾਬ ਆਪਣੇ ਨਾਂ ਕਰ ਲਿਆ। ਦੱਸ ਦੇਈਏ ਕਿ ਆਸਟ੍ਰੇਲੀਆ ਨੇ ਚੌਥੀ ਵਾਰ ਇਸ ਖ਼ਿਤਾਬ ‘ਤੇ ਕਬਜ਼ਾ ਕੀਤਾ ਹੈ, ਜਦਕਿ ਭਾਰਤ ਸਭ ਤੋਂ ਵੱਧ 5 ਵਾਰ ਅੰਡਰ-19 ਵਿਸ਼ਵ ਕੱਪ ਦਾ ਚੈਂਪੀਅਨ ਰਹਿ ਚੁੱਕਾ ਹੈ। 

Add a Comment

Your email address will not be published. Required fields are marked *