ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ

ਚੰਡੀਗੜ੍ਹ : ਅਖਿਲ ਭਾਰਤੀ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ ਹਨ। ਗੱਲਬਾਤ ਚੱਲ ਰਹੀ ਹੈ, ਅਗਲੇ 10-15 ਦਿਨ ਵਿਚ ਪੂਰੀ ਸਥਿਤੀ ਸਪੱਸ਼ਟ ਹੋ ਜਾਵੇਗੀ, ਜਿਸ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ। ਵੀਰਵਾਰ ਨੂੰ ਪੰਜਾਬ ਕਾਂਗਰਸ ਭਵਨ ਵਿਚ ਗੱਲਬਾਤ ਕਰਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਗਠਜੋੜ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਕਮਜ਼ੋਰ ਕੜੀਆਂ ਟੁੱਟ ਗਈਆਂ ਹਨ, ਅੱਗੇ ਵੀ ਕੋਈ ਕੜੀ ਟੁੱਟੇਗੀ, ਇਸ ਦੀ ਚਿੰਤਾ ਨਹੀਂ ਹੈ।

ਪੰਜਾਬ ਮਹਿਲਾ ਕਾਂਗਰਸ ਸੂਬਾ ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਤ ਕਰਨ ਪਹੁੰਚੇ ਅਲਕਾ ਲਾਂਬਾ ਨੇ ਕਿਹਾ ਕਿ ਇਹ ਬੈਠਕ ਪੰਜਾਬ ਦੇ ਰਾਜਨੀਤਿਕ ਵਿਚ ਔਰਤਾਂ ਦੇ ਸਸ਼ਕਤੀਕਰਨ ਅਤੇ ਉੱਨਤੀ ਲਈ ਮਹੱਤਵਪੂਰਨ ਪਲ ਹੈ। ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨਾਲ ਲਾਂਬਾ ਨੇ ਪੰਜਾਬ ਦੀ ਮਹਿਲਾ ਕਾਂਗਰਸ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਕ ਸਮਰਥਕ ਸੱਤਰ ਵਿਚ ਭਾਗ ਲਿਆ। ਇਸ ਦਾ ਉਦੇਸ਼ ਪੰਜਾਬ ਵਿਚ ਮਹਿਲਾ ਕਾਂਗਰਸ ਦੇ ਕੰਮਕਾਜ ਦੇ ਲਈ ਇਕ ਮਜ਼ਬੂਤ ਢਾਂਚੇ ਨੂੰ ਵਧਾਉਣਾ ਹੈ, ਵਿਸ਼ੇਸ਼ ਰੂਪ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਮੁੱਦੇ ਨੂੰ ਲਗਨ ਨਾਲ ਸੰਬੋਧਤ ਕਰਨਾ ਸੀ। ਮੀਟਿੰਗ ਵਿਚ ਅਖਿਲ ਭਾਰਤੀ ਮਹਿਲਾਂ ਕਾਂਗਰਸ ਦੀ ਪਹਿਲ ‘ਨਾਰੀ ਨਿਆਂ’ ਦੇ ਐਗਜ਼ੀਕਿਊਸ਼ਨ ’ਤੇ ਵੀ ਚਰਚਾ ਹੋਈ।

ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ ਭਾਜਪਾ ਸ਼ਾਸਨ ਵਿਚ ਔਰਤਾਂ ਦੀ ਭੂਮਿਕਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਅਤੇ ਸਾਡੇ ਅਧਿਕਾਰ ਸਾਡੇ ਤੋਂ ਖੋਹੇ ਜਾ ਰਹੇ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਲਈ ਲੜੀਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਆਪਣੀਆਂ ਸਾਰੀਆਂ ਮਹਿਲਾ ਕਾਂਗਰਸ ਸਾਥੀਆਂ ਦੇ ਯਤਨਾਂ ਨੂੰ ਸਲਾਮ ਕਰਦਾ ਹਾਂ ਜੋ ਮਹਿਲਾ ਕਾਂਗਰਸ ਦਾ ਹਿੱਸਾ ਹਨ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਹਾਜ਼ਰ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੇ ਸੂਬੇ ਅਤੇ ਦੇਸ਼ ਦੀਆਂ ਔਰਤਾਂ ਦੇ ਹੱਕਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ। ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਅਬਜ਼ਰਵਰ ਨਤਾਸ਼ਾ ਸ਼ਰਮਾ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਜਸਵਿੰਦਰ ਰੰਧਾਵਾ, ਜਸਲੀਨ ਸੇਠੀ, ਸੰਤੋਸ਼ ਸਾਹਨੇਵਾਲ, ਲੀਨਾ ਤਪਾਰੀਆ, ਦੀਪੀ ਖੰਨਾ ਅਤੇ ਸੁੱਖ ਵੀ ਸ਼ਾਮਲ ਹੋਏ।

Add a Comment

Your email address will not be published. Required fields are marked *