ਬੁਮਰਾਰ ਨੰਬਰ-1 ਤੇਜ਼ ਗੇਂਦਬਾਜ਼ ਬਣਨ ਵਾਲਾ ਪਹਿਲਾ ਭਾਰਤੀ

ਦੁਬਈ –ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਬੁੱਧਵਾਰ ਨੂੰ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ। ਵਿਸ਼ਾਖਾਪਟਨਮ ਵਿਚ ਇਸ 30 ਸਾਲ ਦੇ ਗੇਂਦਬਾਜ਼ ਨੇ 9 ਵਿਕਟਾਂ ਲੈ ਕੇ ਪੈਟ ਕਮਿੰਸ, ਕੈਗਿਸੋ ਰਬਾਡਾ ਤੇ ਆਰ. ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ। ਉਹ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਣ ਵਾਲਾ ਚੌਥਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਅਸ਼ਵਿਨ ਤੇ ਰਵਿੰਦਰ ਜਡੇਜਾ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਣ ਵਿਚ ਸਫਲ ਰਹੇ ਹਨ। ਬੁਮਰਾਹ ਨੇ ਇਸ ਰੈਂਕਿੰਗ ਵਿਚ ਅਸ਼ਵਿਨ ਦੀ ਜਗ੍ਹਾ ਲੈ ਲਈ ਜਿਹੜਾ ਪਿਛਲੇ 11 ਮਹੀਨਿਆਂ ਤੋਂ ਇਸ ਸੂਚੀ ਵਿਚ ਚੋਟੀ ’ਤੇ ਸੀ।

ਟੈਸਟ ਮੈਚ ਵਿਚ 499 ਵਿਕਟਾਂ ਲੈਣ ਵਾਲਾ ਅਸ਼ਵਿਨ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਬੁਮਰਾਹ ਦੇ ਨਾਂ 881 ਰੇਟਿੰਗ ਅੰਕ ਹਨ। ਉਹ ਸਭ ਤੋਂ ਵੱਧ ਰੇਟਿੰਗ ਅੰਕ ਹਾਸਲ ਕਰਨ ਦੇ ਮਾਮਲੇ ਵਿਚ ਅਸ਼ਵਿਨ (904) ਤੇ ਜਡੇਜਾ (899) ਤੋਂ ਬਾਅਦ ਚੌਥੇ ਸਥਾਨ ’ਤੇ ਹੈ। ਅਸ਼ਵਿਨ ਤੇ ਜਡੇਜਾ ਮਾਰਚ 2017 ਵਿਚ ਸਾਂਝੇ ਤੌਰ ’ਤੇ ਚੋਟੀ ’ਤੇ ਸਨ। ਬੱਲੇਬਾਜ਼ਾਂ ਦੀ ਸੂਚੀ ਵਿਚ ਵਿਸ਼ਾਖਾਪਟਨਮ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 3 ਸਥਾਨ ਉੱਪਰ 29ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਦੂਜੀ ਪਾਰੀ ਵਿਚ ਸੈਂਕੜਾ ਲਾਉਣ ਤੋਂ ਬਾਅਦ ਸ਼ੁਭਮਨ ਗਿੱਲ 14 ਸਥਾਨ ਉੱਪਰ ਚੜ੍ਹ ਕੇ ਕਰੀਅਰ ਦੇ ਸਰਵਸ੍ਰੇਸ਼ਠ 38ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਜੈਕ ਕਰਾਊਲੀ ਵਿਸ਼ਾਖਾਪਟਮ ਟੈਸਟ ਤੋਂ ਬਾਅਦ 8 ਸਥਾਨ ਉੱਪਰ ਚੜ੍ਹ ਕੇ 22ਵੇਂ ਸਥਾਨ ’ਤੇ ਆ ਗਿਆ ਹੈ। ਉਸ ਨੇ ਭਾਰਤ ਵਿਰੁੱਧ ਦੂਜੇ ਟੈਸਟ ਵਿਚ 76 ਤੇ 73 ਦੌੜਾਂ ਦੀ ਪਾਰੀ ਖੇਡੀ ਸੀ। ਇੰਗਲੈਂਡ ਦਾ ਨੌਜਵਾਨ ਲੈੱਗ ਸਪਿਨਰ ਰੇਹਾਨ ਅਹਿਮਦ 14 ਸਥਾਨ ਉੱਪਰ 70ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਆਪਣੇ ਸ਼ੁਰੂਆਤੀ ਦੋਵੇਂ ਟੈਸਟ ਮੈਚਾਂ ਵਿਚ 50 ਦੌੜਾਂ ਤੇ 5 ਵਿਕਟਾਂ ਲੈਣ ਵਾਲਾ ਇੰਗਲੈਂਡ ਦਾ ਦੂਜਾ ਖਿਡਾਰੀ ਬਣਿਆ ਟਾਮ ਹਾਰਟਲੇ ਦੋਵਾਂ ਸੂਚੀਆਂ ਵਿਚ ਸੁਧਾਰ ਕਰਨ ਵਿਚ ਸਫਲ ਰਿਹਾ। ਉਹ ਬੱਲੇਬਾਜ਼ੀ ਦੀ ਰੈਂਕਿੰਗ ਵਿਚ 103 ਤੋਂ 95ਵੇਂ ਸਥਾਨ ਜਦਕਿ ਗੇਂਦਬਾਜ਼ੀ ਵਿਚ 63ਵੇਂ ਤੋਂ 53ਵੇਂ ਸਥਾਨ ’ਤੇ ਆ ਗਿਆ। ਇਸ ਰੈਂਕਿੰਗ ਵਿਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਮੈਚ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੈਚ ਵਿਚ 8 ਵਿਕਟਾਂ ਲੈਣ ਵਾਲਾ ਸ਼੍ਰੀਲੰਕਾ ਦਾ ਪ੍ਰਭਾਤ ਜੈਸੂਰੀਆ 3 ਸਥਾਨਾਂ ਦੇ ਸੁਧਾਰ ਨਾਲ ਕਰੀਅਰ ਦੇ ਸਰਵਸ੍ਰੇਸ਼ਠ 6ਵੇਂ ਸਥਾਨ ’ਤੇ ਪਹੁੰਚ ਗਿਆ ਹੈ।

Add a Comment

Your email address will not be published. Required fields are marked *