ਇੰਗਲੈਂਡ ਦੇ ਕਿੰਗ ਚਾਰਲਸ ਨੂੰ ਹੋਇਆ ਕੈਂਸਰ, ਬਕਿੰਘਮ ਪੈਲੇਸ ਨੇ ਸਾਂਝੀ ਕੀਤੀ ਜਾਣਕਾਰੀ
ਇੰਗਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਬਕਿੰਘਮ ਪੈਲੇਸ ਨੇ ਕਿੰਗ ਚਾਰਲਸ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਪੈਲੇਸ ਵੱਲੋਂ ਦਿੱਤੀ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਕਿੰਗ ਚਾਰਲਸ ਦਾ ਡਾਇਗਨੌਸਿਸ ਕਰਵਾਇਆ ਗਿਆ ਹੈ, ਜਿਸ ‘ਚ ਉਨ੍ਹਾਂ ਨੂੰ ਕੈਂਸਰ ਹੋਣ ਦਾ ਪਤਾ ਲੱਗਾ ਹੈ।
ਹਸਪਤਾਲ ‘ਚ ਪ੍ਰੋਸਟੇਟ ਦਾ ਚੈੱਕਅੱਪ ਕਰਵਾਉਣ ਗਏ ਕਿੰਗ ਨੂੰ ਇਸ ਬੀਮਾਰੀ ਬਾਰੇ ਪਤਾ ਲੱਗਿਆ ਸੀ। ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਅਤੇ ਰੋਜ਼ਾਨਾ ਚੈਕਅੱਪ ਲਈ ਸਲਾਹ ਦਿੰਦੇ ਹੋਏ ਲੋਕਾਂ ਨੂੰ ਮਿਲਣ ਵਾਲੇ ਪ੍ਰੋਗਰਾਮਾਂ ਨੂੰ ਟਾਲਣ ਦਾ ਕਿਹਾ ਹੈ। ਇਸ ਦੌਰਾਨ ਉਹ ਕਾਗਜ਼ੀ ਕੰਮ ਰੋਜ਼ਾਨਾਂ ਵਾਂਗ ਕਰਦੇ ਰਹਿਣਗੇ।
ਪੈਲੇਸ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਕਿੰਗ ਚਾਰਲਸ ਨੇ ਆਪਣੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਹੈ। ਉਹ ਆਪਣੇ ਇਲਾਜ ਬਾਰੇ ਕਾਫ਼ੀ ਸਕਾਰਾਤਮਕ ਰਵੱਈਆ ਅਪਣਾ ਰਹੇ ਹਨ ਤੇ ਪੂਰੀ ਤਰ੍ਹਾਂ ਠੀਕ ਹੋ ਕੇ ਵਾਪਸ ਆਉਣ ਬਾਰੇ ਸੋਚ ਰਹੇ ਹਨ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਕਿੰਗ ਨੇ ਆਪਣੀ ਬੀਮਾਰੀ ਦੀ ਜਾਣਕਾਰੀ ਜਨਤਕ ਕਰਨ ਦਾ ਫੈਸਲਾ ਇਸ ਕਾਰਨ ਕੀਤਾ ਹੈ ਤਾਂ ਜੋ ਉਹ ਉਨ੍ਹਾਂ ਲੋਕਾਂ ਨੂੰ ਕੈਂਸਰ ਨੂੰ ਸਮਝਣ ‘ਚ ਮਦਦ ਕਰ ਸਕਣ ਜੋ ਕੈਂਸਰ ਤੋਂ ਪਹਿਲਾਂ ਤੋਂ ਪੀੜਤ ਹਨ।

