ਪੰਜਾਬ ‘ਚ ਸੰਘਣੀ ਧੁੰਦ ਮਗਰੋਂ ਮੀਂਹ ਦਾ ਅਲਰਟ ਜਾਰੀ
![](http://mehakewattan.com/wp-content/uploads/2024/01/2024_1image_11_21_094262354aaaaaaa-ll.jpg)
ਚੰਡੀਗੜ੍ਹ : ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਪੂਰੇ ਸੂਬੇ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਪੂਰੇ ਸੂਬੇ ‘ਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਅਤੇ ਵਿਜ਼ੀਬਿਲਟੀ ਜ਼ੀਰੋ ਤੋਂ ਲੈ ਕੇ ਸਿਰਫ 10 ਮੀਟਰ ਤੱਕ ਦੀ ਰਹੀ। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਦਿੱਕਤ ਹੋ ਰਹੀ ਹੈ।
ਹਾਲਾਂਕਿ ਬੀਤੇ 1-2 ਦਿਨਾਂ ਤੋਂ ਦਿਨ ਦੇ ਸਮੇਂ ਚੰਗੀ ਧੁੱਪ ਖਿੜਨ ਲੱਗੀ ਹੈ, ਜਿਸ ਨੂੰ ਦੇਖਦਿਆਂ ਲੱਗਦਾ ਸੀ ਕਿ ਸ਼ਾਇਦ ਹੁਣ ਸੰਘਣੀ ਧੁੰਦ ਦੇਖਣ ਨੂੰ ਨਹੀਂ ਮਿਲੇਗੀ ਪਰ ਅੱਜ ਸਵੇਰੇ ਸੂਬੇ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਰਹੀ ਅਤੇ ਠੰਡ ‘ਚ ਵੀ ਵਾਧਾ ਹੋਇਆ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਲਈ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਧੁੰਦ ਤੋਂ ਰਾਹਤ ਮਿਲ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 31 ਜਨਵਰੀ ਤੋਂ ਲੈ ਕੇ 1 ਅਤੇ 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ। ਆਸਮਾਨੀ ਬਿਜਲੀ ਚਮਕਣ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲਣੀ ਸੁਭਾਵਿਕ ਹੈ। ਸੂਬੇ ‘ਚ ਅੱਜ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)