ਮੰਦਰ ਦੀ ਪਰਿਕਰਮਾ ਲਈ ਬਜ਼ਿਦ ਸ਼ੰਕਰਾਚਾਰੀਆ ਨੂੰ ਪੁਲਸ ਨੇ ਰੋਕਿਆ

ਵਾਰਾਣਸੀ  – ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਸੋਮਵਾਰ ਕੇਦਾਰਘਾਟ ਸਥਿਤ ਸ਼੍ਰੀ ਵਿਦਿਆਮਠ ਵਿਖੇ ਪੁਲਸ ਨੇ ਰੋਕ ਲਿਆ। ਇਸ ਪਿੱਛੋਂ ਪੁਲਸ ਅਤੇ ਮੱਠ ਦੇ ਲੋਕਾਂ ਦਰਮਿਆਨ ਕਾਫੀ ਧੱਕਾਮੱੁਕੀ ਹੋਈ। ਪੂਰਾ ਇਲਾਕਾ ਪਲਾਂ ’ਚ ਹੀ ਪੁਲਸ ਛਾਉਣੀ ਵਿੱਚ ਤਬਦੀਲ ਹੋ ਗਿਆ। ਅਸਲ ’ਚ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਮੂਲ ਕਾਸ਼ੀ ਵਿਸ਼ਵਨਾਥ ਮੰਦਰ ਦੀ ਸੋਮਵਾਰ ਪਰਿਕਰਮਾ ਕਰਨ ਦਾ ਐਲਾਨ ਕੀਤਾ ਸੀ। ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਪਰਿਕਰਮਾ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ।

ਏ. ਸੀ. ਪੀ. ਅਵਧੇਸ਼ ਪਾਂਡੇ ਨੇ ਕਿਹਾ ਕਿ ਸਵਾਮੀ ਜੀ ਨਾਲ ਗੱਲਬਾਤ ਹੋਈ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਅਜੇ ਤੱਕ ਕੋਈ ਲਿਖਤੀ ਅਦਾਲਤੀ ਹੁਕਮ ਨਹੀਂ ਆਇਆ। ਸਥਿਤੀ ਨਾਜ਼ੁਕ ਹੈ ਅਤੇ ਧਾਰਾ 144 ਵੀ ਲਾਈ ਗਈ ਹੈ, ਇਸ ਲਈ ਉਨ੍ਹਾਂ ਨੂੰ ਬਾਬਾ ਵਿਸ਼ਵਨਾਥ ਦੀ ਹੀ ਪੂਜਾ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਵੀ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਗਿਆਨਵਾਪੀ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਦੀ ਗੱਲ ਕਹੀ ਸੀ। ਸੋਮਵਾਰ ਸਵਾਮੀ ਅਵਿਮੁਕਤੇਸ਼ਵਰਾਨੰਦ ਅੜ ਗਏ ਅਤੇ ਮਸਜਿਦ ਵੱਲ ਜਾਣ ਲੱਗੇ। ਇਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਮੱਠ ਦੇ ਨੇੜੇ ਹੀ ਰੋਕ ਲਿਆ। ਇਸ ਦੇ ਵਿਰੋਧ ’ਚ ਸਵਾਮੀ ਅਵਿਮੁਕਤੇਸ਼ਵਰਾਨੰਦ ਆਸ਼ਰਮ ’ਚ ਹੀ ਅੰਨ-ਜਲ ਛੱਡ ਦਿੱਤਾ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਵਾਰਾਣਸੀ ਜ਼ਿਲਾ ਅਦਾਲਤ ਵਿੱਚ ਚੱਲ ਰਹੀ ਹੈ। ਸੋਮਵਾਰ ਨੂੰ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੇਦਾਰ ਮੱਠ ’ਚ ਹੀ ਰੋਕ ਲਿਆ ਸੀ।

ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਸੰਤਾਂ ਅਤੇ ਪੁਲਸ ਪ੍ਰਸ਼ਾਸਨ ਵਿਚਾਲੇ ਹੱਥੋਪਾਈ ਵੀ ਹੋਈ। ਸਵਾਮੀ ਅਵਿਮੁਕਤੇਸ਼ਵਰਾਨੰਦ ਇਸ ਗੱਲ ’ਤੇ ਬਜ਼ਿਦ ਸਨ ਕਿ ਉਹ ਪਰਿਕਰਮਾ ਲਈ ਜਾਣਗੇ। ਪ੍ਰਸ਼ਾਸਨ ਸਾਨੂੰ ਸਾਡੇ ਧਰਮ ਦੀ ਪਾਲਣਾ ਕਰਨ ਤੋਂ ਕਿਵੇਂ ਰੋਕ ਸਕਦਾ ਹੈ?

Add a Comment

Your email address will not be published. Required fields are marked *