ਇਨਕਮ ਟੈਕਸ ਲਾਭ, ਮਹਿਲਾ ਉੱਦਮੀਆਂ ਨੂੰ ਸਮਰਥਨ ਦੀ ਉਮੀਦ

ਕੋਲਕਾਤਾ — ਮਾਹਿਰਾਂ ਨੂੰ ਅੰਤਰਿਮ ਬਜਟ ‘ਚ ਆਮਦਨ ਕਰ ਛੋਟ ਦੀ ਸੀਮਾ ‘ਚ ਵਾਧੇ, ਮਹਿਲਾ ਉੱਦਮੀਆਂ ਨੂੰ ਸਮਰਥਨ, ਲੰਬੀ ਮਿਆਦ ਦੀ ਟੈਕਸ ਨੀਤੀ , ਖਪਤ ਅਤੇ ਬਚਤ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਪੇਸ਼ ਕਰੇਗੀ। ਆਲ ਇੰਡੀਆ ਟੈਕਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਨਰਾਇਣ ਜੈਨ ਨੇ ਕਿਹਾ, “ਇਹ ਅੰਤਰਿਮ ਬਜਟ ਹੋਵੇਗਾ ਪਰ ਇਸ ਵਿੱਚ ਪੂਰੇ ਬਜਟ ਲਈ ਕੁਝ ਸੰਕੇਤ ਹੋ ਸਕਦੇ ਹਨ। ਸੈਕਸ਼ਨ 87A ਦੇ ਤਹਿਤ ਵਿਅਕਤੀਗਤ ਟੈਕਸਦਾਤਾਵਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤਹਿਤ ਕੁੱਲ ਟੈਕਸ ਛੋਟ ਦੀ ਸੀਮਾ 7 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਜਾ ਸਕਦੀ ਹੈ।

ਇੰਡੀਆ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਐਨ ਜੀ ਖੇਤਾਨ ਨੇ ਕਿਹਾ ਕਿ ਛੋਟੀਆਂ ਅਤੇ ਮੱਧਮ ਕੰਪਨੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਕੰਪਨੀਆਂ, ਭਾਈਵਾਲੀ ਅਤੇ ਸੀਮਤ ਦੇਣਦਾਰੀ ਭਾਈਵਾਲੀ (ਐਲਐਲਪੀ) ਵਿੱਚ ਲੰਬੇ ਸਮੇਂ ਦੀ ਟੈਕਸ ਨੀਤੀ ਅਤੇ ਟੈਕਸ ਵਿੱਚ ਇਕਸਾਰਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜੀਡੀਪੀ ਅਤੇ ਰੁਜ਼ਗਾਰ ਸਿਰਜਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੋਣ ਦੇ ਬਾਵਜੂਦ ਐੱਮਐੱਸਐੱਮਈਜ਼ ‘ਤੇ ਜ਼ਿਆਦਾ ਟੈਕਸ ਲਗਾਇਆ ਜਾਂਦਾ ਹੈ।

ਬੰਗਾਲ ਚੈਂਬਰ ਆਫ ਕਾਮਰਸ ਦੀ ਵਿੱਤੀ ਮਾਮਲਿਆਂ ਅਤੇ ਟੈਕਸ ਕਮੇਟੀ ਦੇ ਚੇਅਰਪਰਸਨ ਵਿਵੇਕ ਜਾਲਾਨ ਨੇ ਉਮੀਦ ਪ੍ਰਗਟਾਈ ਕਿ ਨਿੱਜੀ ਆਮਦਨ ਟੈਕਸ ਲਈ ਕੁਝ ਕਟੌਤੀਆਂ ਨੂੰ ਸ਼ਾਮਲ ਕਰਨ ਵਾਲੀ ਇੱਕ ਸਰਲ ਸਕੀਮ ਪੇਸ਼ ਕੀਤੀ ਜਾ ਸਕਦੀ ਹੈ। ਫਿੱਕੀ ਮਹਿਲਾ ਸੰਗਠਨ (ਕੋਲਕਾਤਾ ਚੈਪਟਰ) ਦੀ ਚੇਅਰਪਰਸਨ ਰਾਧਿਕਾ ਡਾਲਮੀਆ ਨੇ ਮਹਿਲਾ ਉੱਦਮੀਆਂ ਲਈ ਟੈਕਸ ਛੋਟ ਅਤੇ ਵਧੇਰੇ ਜਣੇਪਾ ਛੁੱਟੀ ਦੀ ਵਕਾਲਤ ਕੀਤੀ।

Add a Comment

Your email address will not be published. Required fields are marked *