ਪਾਕਿ ‘ਚ ਬਲੋਚਾਂ ‘ਤੇ ਹੋ ਰਹੀ ਹਿੰਸਾ ਨਾਲ ਵਧੀ ਅਮਰੀਕਾ ਦੀ ਟੈਨਸ਼ਨ

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ ਦੇ ਬਲੋਚਿਸਤਾਨ ‘ਚ ਲੋਕਾਂ ਖ਼ਿਲਾਫ਼ ਹੋ ਰਹੀ ਹਿੰਸਾ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ੇਰਮਨ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਬਲੋਚਿਸਤਾਨ ‘ਚ ਲੋਕਾਂ ਦੇ ਗੁੰਮਨਾਮ ਕਰਨ ਅਤੇ ਹੱਤਿਆਵਾਂ ਨੂੰ ਬੰਦ ਕਰਨਾ ਚਾਹੀਦਾ ਹੈ। ਸ਼ਨੀਵਾਰ ਨੂੰ ਬਲੋਚਿਸਤਾਨ ਅਤੇ ਸਿੰਧ ਖੇਤਰਾਂ ‘ਚ ਲੋਕਾਂ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਬਲੋਚਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਅਮਰੀਕਾ ਦਾ ਤਣਾਅ ਵਧ ਰਿਹਾ ਹੈ।
 ਇਕ ਈਵੈਂਟ ‘ਚ ਸ਼ੇਰਮਨ ਨੇ ਕਿਹਾ ਕਿ ਭਾਵੇਂ ਅਮਰੀਕਾ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਨਹੀਂ ਕਰਦਾ ਪਰ ਉਹ ਉਥੇ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਤੇ ਚੁੱਪ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖ਼ਿਲਾਫ਼ ਖੜ੍ਹੇ ਹਾਂ ਅਤੇ ਪਾਕਿਸਤਾਨ ਵਿਚ ਅਜਿਹੀਆਂ ਉਲੰਘਣਾਵਾਂ ਦੇਖਣ ਨੂੰ ਮਿਲਦੀਆਂ ਹਨ। ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਦੀ ਚਿੰਤਾ ਨੇ ਪਾਕਿਸਤਾਨ ਦਾ ਪਰਦਾਫਾਸ਼ ਕਰ ਦਿੱਤਾ ਹੈ। ਸ਼ੇਰਮਨ ਨੇ ਸਿੰਧ ਫਾਊਂਡੇਸ਼ਨ ਦੇ ਸੂਫੀ ਲਘਾਰੀ ਅਤੇ ਫਾਤਿਮਾ ਨਾਲ ਆਪਣੀ ਗੱਲਬਾਤ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੰਧ ਸੂਬੇ ਵਿੱਚ ਲੋਕਾਂ ਦੇ ਲਾਪਤਾ ਹੋਣ ਅਤੇ ਹੱਤਿਆਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕਰ ਰਹੇ ਆਗੂ ਮਹਿਰੰਗ ਬਲੋਚ ਦੇ ਮਾਮਲੇ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਮਹਿਰੰਗ ਬਲੋਚ 16 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਗਵਾ ਕਰ ਲਿਆ ਸੀ। ਮਹਿਰੰਗ ਦੇ ਪਿਤਾ ਦੀ ਲਾਸ਼ ਦੋ ਸਾਲ ਬਾਅਦ ਮਿਲੀ ਸੀ। ਹੁਣ ਉਹ ਇਸਲਾਮਾਬਾਦ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਹੈ। ਇਸ ਦੌਰਾਨ ਬਲੋਚ ਯਾਕਜ਼ੇਹਤੀ ਕਮੇਟੀ ਅਤੇ ਹੋਰ ਅਧਿਕਾਰ ਸੰਗਠਨਾਂ ਨੇ ਦੋਸ਼ ਲਾਇਆ ਕਿ ਬਲੋਚਿਸਤਾਨ ਵਿੱਚ ਬੇਕਸੂਰ ਲੋਕਾਂ ਦੇ ਜਬਰੀ ਲਾਪਤਾ ਹੋਣ ਪਿੱਛੇ ਪਾਕਿਸਤਾਨ ਦੀ ਫੌਜੀ ਸਥਾਪਨਾ ਦਾ ਹੱਥ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ, ਸਰਕਾਰ, ਨਿਆਂਪਾਲਿਕਾ ਇਨ੍ਹਾਂ ਅਪਰਾਧਾਂ ਦਾ ਸਮਰਥਨ ਕਰ ਰਹੀਆਂ ਹਨ।

Add a Comment

Your email address will not be published. Required fields are marked *