ਥਾਲਾਪਤੀ ਵਿਜੇ ਨਾਲ ਵਿਵਾਦ ’ਤੇ ਰਜਨੀਕਾਂਤ ਨੇ ਤੋੜੀ ਚੁੱਪੀ

ਮੁੰਬਈ– ਮਸ਼ਹੂਰ ਹਸਤੀਆਂ ਦੇ ਪ੍ਰਸ਼ੰਸਕਾਂ ਵਿਚਾਲੇ ਵਿਵਾਦ ਆਮ ਗੱਲ ਬਣਦੇ ਜਾ ਰਹੇ ਹਨ। ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਸੁਪਰਸਟਾਰ ਕਹਿੰਦੇ ਹਨ। ਇਹ ਅਕਸਰ ਦੱਖਣ ’ਚ ਦੇਖਿਆ ਜਾਂਦਾ ਹੈ। ਰਜਨੀਕਾਂਤ ਨੇ ਪਿਛਲੇ ਸਾਲ ਜੁਲਾਈ ’ਚ ਫ਼ਿਲਮ ‘ਜੇਲਰ’ ਦੇ ਆਡੀਓ ਲਾਂਚ ਈਵੈਂਟ ਦੌਰਾਨ ਭਾਸ਼ਣ ਦਿੱਤਾ ਸੀ। ਇਸ ਤੋਂ ਬਾਅਦ ਰਜਨੀਕਾਂਤ ਤੇ ਥਾਲਾਪਤੀ ਵਿਜੇ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਆ ਗਏ। ਰਜਨੀਕਾਂਤ ਨੇ ਆਪਣੇ ਭਾਸ਼ਣ ’ਚ ਇਕ ਕਾਂ ਦੀ ਕਹਾਣੀ ਸੁਣਾਈ ਸੀ, ਜੋ ਦੂਜੇ ਪੰਛੀਆਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਕਦੇ ਵੀ ਆਪਣੇ ਉੱਪਰ ਉੱਡਦੇ ਬਾਜ਼ਾਂ ਦੀ ਉਚਾਈ ਤੱਕ ਨਹੀਂ ਪਹੁੰਚਦਾ।

ਰਜਨੀਕਾਂਤ ਦੇ ਇਸ ਭਾਸ਼ਣ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਉਨ੍ਹਾਂ ਨੇ ਥਾਲਾਪਤੀ ਵਿਜੇ ਬਾਰੇ ਗੱਲ ਕੀਤੀ ਹੈ। ਇਸ ਤੋਂ ਬਾਅਦ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਵਿਚਾਲੇ ਝਗੜਾ ਹੋ ਗਿਆ। ਹੁਣ ਰਜਨੀਕਾਂਤ ਨੇ ਇਸ ਵਿਵਾਦ ’ਤੇ ਆਪਣੀ ਚੁੱਪੀ ਤੋੜਦਿਆਂ ਨਿਰਾਸ਼ਾ ਜ਼ਾਹਿਰ ਕੀਤੀ ਤੇ ਸਪੱਸ਼ਟੀਕਰਨ ਦਿੱਤਾ ਹੈ। ਰਜਨੀਕਾਂਤ ਨੇ ਇਹ ਸਪੱਸ਼ਟੀਕਰਨ ਆਉਣ ਵਾਲੀ ਫ਼ਿਲਮ ‘ਲਾਲ ਸਲਾਮ’ ਦੇ ਆਡੀਓ ਲਾਂਚ ਈਵੈਂਟ ਦੌਰਾਨ ਦਿੱਤਾ।

ਰਜਨੀਕਾਂਤ ਨੇ ਕਿਹਾ, ‘‘ਕਾਂ ਤੇ ਬਾਜ਼ ਦੀ ਕਹਾਣੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਿਆ ਗਿਆ ਹੈ। ਕਈ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇਹ ਕਹਿ ਕੇ ਅਫਵਾਹਾਂ ਫੈਲਾਈਆਂ ਕਿ ਇਹ ਵਿਜੇ ਦੇ ਖ਼ਿਲਾਫ਼ ਹੈ। ਇਹ ਬਹੁਤ ਨਿਰਾਸ਼ਾਜਨਕ ਹੈ। ਵਿਜੇ ਮੇਰੀਆਂ ਅੱਖਾਂ ਦੇ ਸਾਹਮਣੇ ਵੱਡਾ ਹੋਇਆ।’’ ਰਜਨੀਕਾਂਤ ਨੇ ਵਿਜੇ ਦੇ ਘਰ ਆਪਣੀ ਇਕ ਪੁਰਾਣੀ ਫ਼ਿਲਮ ਦੀ ਸ਼ੂਟਿੰਗ ਨੂੰ ਯਾਦ ਕੀਤਾ।

ਰਜਨੀਕਾਂਤ ਨੇ ਅੱਗੇ ਕਿਹਾ, “ਸ਼ੂਟਿੰਗ ਦੌਰਾਨ ਉਹ ਮਹਿਜ਼ 13 ਸਾਲ ਦਾ ਸੀ ਤੇ ਮੇਰੇ ਵੱਲ ਤੱਕਦਾ ਸੀ। ਸ਼ੂਟਿੰਗ ਤੋਂ ਬਾਅਦ ਐੱਸ. ਏ. ਚੰਦਰਸ਼ੇਖਰ ਨੇ ਵਿਜੇ ਦੀ ਮੇਰੇ ਨਾਲ ਜਾਣ-ਪਛਾਣ ਕਰਵਾਈ ਤੇ ਕਿਹਾ ਕਿ ਉਹ ਅਦਾਕਾਰੀ ’ਚ ਦਿਲਚਸਪੀ ਰੱਖਦਾ ਹੈ। ਮੈਂ ਵਿਜੇ ਨੂੰ ਪਹਿਲਾਂ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਲਈ ਕਿਹਾ। ਮੈਂ ਉਸ ਨੂੰ ਸਕੂਲ ਦੀ ਪੜ੍ਹਾਈ ਪੂਰੀ ਕਰਨ ਦੀ ਸਲਾਹ ਦਿੱਤੀ।’’

Add a Comment

Your email address will not be published. Required fields are marked *