ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਗਣਤੰਤਰ ਦਿਵਸ ‘ਤੇ ਭਾਰਤੀ ਵਿਦਿਆਰਥੀਆਂ ਨੂੰ ਤੋਹਫ਼ਾ

ਨਵੀਂ ਦਿੱਲੀ : ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਭਾਰਤ ਆਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੱਡਾ ਐਲਾਨ ਕੀਤਾ ਹੈ। ਮੈਕਰੋਨ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਦੇਸ਼ ਨੂੰ 2030 ਤੱਕ ਆਪਣੀਆਂ ਯੂਨੀਵਰਸਿਟੀਆਂ ਵਿਚ 30,000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਦੀ ਉਮੀਦ ਹੈ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਮੈਕਰੌਨ ਨੇ ਇਸ ਨੂੰ ਇੱਕ “ਅਭਿਲਾਸ਼ੀ” ਟੀਚਾ ਦੱਸਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਨੇ “ਹੁਣ ਅਤੇ ਭਵਿੱਖ ਵਿੱਚ ਇਕੱਠੇ ਮਿਲ ਕੇ ਬਹੁਤ ਕੁਝ ਕਰਨਾ ਹੈ”।

ਮੈਕਰੋਨ ਨੇ ਐਕਸ ‘ਤੇ ਲਿਖਿਆ, ‘ਅਸੀਂ ਪਬਲਿਕ ਸਕੂਲਾਂ ਵਿਚ ਫ੍ਰੈਂਚ ਸਿੱਖਣ ਦਾ ਨਵਾਂ ਤਰੀਕਾ ਖੋਲ੍ਹ ਰਹੇ ਹਾਂ। ਇਸ ਨੂੰ ‘ਫਰੈਂਚ ਫਾਰ ਆਲ, ਫਰੈਂਚ ਫਾਰ ਏ ਬੈਟਰ ਫਿਊਚਰ’ ਦਾ ਨਾਂ ਦਿੱਤਾ ਗਿਆ ਹੈ। ਫਰੈਂਚ ਸਿਖਾਉਣ ਦੇ ਮਕਸਦ ਨਾਲ ਨਵੇਂ ਕੇਂਦਰ ਖੋਲ੍ਹੇ ਜਾ ਰਹੇ ਹਨ। ਅਸੀਂ ਅੰਤਰਰਾਸ਼ਟਰੀ ਕਲਾਸਾਂ ਬਣਾ ਰਹੇ ਹਾਂ। ਇਸ ਰਾਹੀਂ ਉਹ ਵਿਦਿਆਰਥੀ ਜੋ ਫ੍ਰੈਂਚ ਨਹੀਂ ਬੋਲਦੇ ਹਨ, ਉਹ ਸਾਡੀਆਂ ਯੂਨੀਵਰਸਿਟੀਆਂ ਨੂੰ ਜੁਆਇਨ ਕਰ ਸਕਣਗੇ। ਇੰਨਾ ਹੀ ਨਹੀਂ, ਅਸੀਂ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਵੀ ਪ੍ਰਦਾਨ ਕਰਾਂਗੇ, ਜੋ ਫਰਾਂਸ ਵਿੱਚ ਪੜ੍ਹ ਚੁੱਕੇ ਹਨ। ਇਸ ਨਾਲ ਉਨ੍ਹਾਂ ਨੂੰ ਵਾਪਸ ਆਉਣ ਵਿੱਚ ਮਦਦ ਮਿਲੇਗੀ।” ਮੈਕਰੋਨ ਨੇ ਕਿਹਾ ਕਿ ਦੇਸ਼ ਵਿੱਚ ਹੁਣ QS ਰੈਂਕਿੰਗ ਵਿੱਚ 35 ਯੂਨੀਵਰਸਿਟੀਆਂ ਹਨ, ਅਤੇ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਵਿੱਚ ਲਗਭਗ 15 ਯੂਨੀਵਰਸਿਟੀਆਂ ਹਨ।

ਇੱਥੇ ਦੱਸ ਦੇਈਏ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਪਿਛਲੇ ਸਾਲ 14 ਜੁਲਾਈ ਨੂੰ ਦੇਸ਼ ਦੇ ਰਾਸ਼ਟਰੀ ਦਿਵਸ ਦੇ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰਿਸ ਦੌਰੇ ਦੌਰਾਨ 2025 ਤੱਕ 20,000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਅਤੇ 2030 ਤੱਕ 30,000 ਤੱਕ ਪਹੁੰਚਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਇਹ ਵੀ ਘੋਸ਼ਣਾ ਕੀਤੀ ਗਈ ਸੀ ਕਿ ਦੇਸ਼ “ਭਾਰਤੀਆਂ ਨੂੰ 5 ਸਾਲ ਦੀ ਵੈਧਤਾ ਦੀ ਮਿਆਦ ਦੇ ਨਾਲ ਸ਼ੈਂਗੇਨ ਵੀਜ਼ਾ ਜਾਰੀ ਕਰੇਗਾ, ਜਿਨ੍ਹਾਂ ਨੇ ਘੱਟੋ-ਘੱਟ ਇੱਕ ਸਮੈਸਟਰ ਦੌਰਾਨ ਫਰਾਂਸ ਵਿੱਚ ਪੜ੍ਹਾਈ ਕੀਤੀ ਹੈ, ਇਸ ਸ਼ਰਤ ‘ਤੇ ਕਿ ਉਹ ਮਾਸਟਰ ਪੱਧਰ ਦੀ ਡਿਗਰੀ ਪਾਸ ਕਰਨਗੇ”।

Add a Comment

Your email address will not be published. Required fields are marked *