ਪੰਜਾਬ ’ਚ 2 ਡਿਗਰੀ ਤੋਂ ਹੇਠਾਂ ਡਿੱਗਿਆ ਪਾਰਾ, ਠੰਢ ਕਾਰਨ 6 ਸਾਲ ਦੇ ਬੱਚੇ ਦੀ ਮੌਤ

ਪੱਖੋ ਕਲਾਂ  – ਸੀਤ ਲਹਿਰ ਦਾ ਕਹਿਰ ਦਿਨੋਂ ਦਿਨ ਗੰਭੀਰ ਹੋ ਰਹੀਆਂ ਸਥਿਤੀਆਂ ਦਰਮਿਆਨ ਭਿਆਨਕ ਠੰਢ ਜਾਨਲੇਵਾ ਸਾਬਤ ਹੋ ਰਹੀ ਹੈ। ਇਸੇ ਸਿਲਸਿਲੇ ’ਚ ਬਰਨਾਲਾ ’ਚ ਠੰਢ ਕਾਰਨ 6 ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਧੁੱਪ ਨਾ ਨਿਕਲਣ ਕਾਰਨ ਪੰਜਾਬ ’ਚ ਸੀਵਿਅਰ (ਘਾਤਕ) ਕੋਲਡ ਡੇ ਕਾਰਨ ਸ਼ਹੀਦ ਭਗਤ ਸਿੰਘ ਨਗਰ ’ਚ ਘੱਟੋ-ਘੱਟ ਤਾਪਮਾਨ 1.7 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਮੋਗਾ ਦੇ ਬੁੱਧ ਸਿੰਘ ਵਾਲਾ ’ਚ 2.5, ਰੋਪੜ ’ਚ 3.5, ਗੁਰਦਾਸਪੁਰ ’ਚ 3, ਬਠਿੰਡਾ ’ਚ 3.4, ਪਟਿਆਲਾ ’ਚ 3.6, ਫਰੀਦਕੋਟ ’ਚ 4, ਲੁਧਿਆਣਾ ’ਚ 4.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਹਾਲੀ ’ਚ ਤਾਪਮਾਨ ’ਚ 5.1 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਪਠਾਨਕੋਟ ’ਚ 4.6, ਰੋਪੜ ’ਚ 4.5, ਬਰਨਾਲਾ ’ਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ’ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨੂੰ ਨਾ-ਮਾਤਰ ਮੰਨਿਆ ਜਾ ਰਿਹਾ ਹੈ, ਜਦਕਿ ਗੁਰਦਾਸਪੁਰ ’ਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਉੱਥੇ ਹੀ ਕਾਲ ਬਣ ਕੇ ਆ ਰਹੀ ਠੰਢ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ। ਇਸੇ ਲੜੀ ਤਹਿਤ 6 ਸਾਲਾ ਕੁਲਦੀਪ ਸਿੰਘ ਪੁੱਤਰ ਸਵ. ਆਲਾ ਸਿੰਘ ਵਾਸੀ ਪੁਲਾੜਾ ਰੋਡ ਪੱਖੋ ਕਲਾਂ ਬਰਨਾਲਾ ਦੀ ਠੰਢ ਕਾਰਨ ਮੌਤ ਹੋ ਗਈ। ਠੰਢ ਕਾਰਨ ਕੁਲਦੀਪ ਬੀਮਾਰ ਹੋ ਗਿਆ ਤੇ ਪਰਿਵਾਰ ਨੇ ਉਸ ਦਾ ਇਲਾਜ ਪਿੰਡ ਤੋਂ ਕਰਵਾਇਆ। ਸਿਹਤ ਵਿਗੜਨ ਕਾਰਨ ਪਰਿਵਾਰ ਵਾਲੇ ਬੱਚੇ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਸਮ ਆਮ ਵਾਂਗ ਨਾ ਰਹਿਣ ਕਾਰਨ ਪੰਜਾਬ ਅਲਰਟ ਜ਼ੋਨ ਤੋਂ ਬਾਹਰ ਨਹੀਂ ਆ ਰਿਹਾ ਹੈ, ਜੋ ਕਿ ਗੰਭੀਰ ਹਾਲਾਤਾਂ ਦਾ ਸੰਕੇਤ ਦੇ ਰਿਹਾ ਹੈ। ਇਸ ਸਿਲਸਿਲੇ ’ਚ ਵੀਰਵਾਰ ਨੂੰ ਮੌਸਮ ਵਿਭਾਗ ਨੇ ਰੈੱਡ ਅਲਰਟ ਦਾ ਐਲਾਨ ਕੀਤਾ ਹੈ। ਸੰਘਣੀ ਧੁੰਦ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਡਰਾਈਵਰਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਠੰਢ ਦੇ ਦਿਨਾਂ ’ਚ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਜਾਵੇਗੀ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

Add a Comment

Your email address will not be published. Required fields are marked *