ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਗ੍ਰਿਫ਼ਤਾਰ: ਹਿਮੰਤ ਵਿਸ਼ਵ ਸ਼ਰਮਾ

ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ, ਜਿਸ ਖ਼ਿਲਾਫ਼ ਇੱਥੇ ਹਿੰਸਾ ਭੜਕਾਉਣ ਲਈ ਐਫਆਈਆਰ ਦਰਜ ਕੀਤੀ ਗਈ ਹੈ, ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਸਾਮ ਪੁਲਸ ਨੇ ਮੰਗਲਵਾਰ ਨੂੰ ਇੱਥੇ ਕਾਂਗਰਸ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਦੇ ਖ਼ਿਲਾਫ਼ ਖੁਦ-ਬ-ਖੁਦ ਐਫਆਈਆਰ ਦਰਜ ਕੀਤੀ ਸੀ। 

ਸ਼ਰਮਾ ਨੇ ਸਿਬਸਾਗਰ ਜ਼ਿਲ੍ਹੇ ਦੇ ਨਜ਼ੀਰਾ ਵਿਖੇ ਇਕ ਪ੍ਰੋਗਰਾਮ ਦੌਰਾਨ ਕਿਹਾ, “ਅਸੀਂ ਐਫਆਈਆਰ ਦਰਜ ਕਰ ਲਈ ਹੈ। ਇੱਕ ਵਿਸ਼ੇਸ਼ ਜਾਂਚ ਟੀਮ ਜਾਂਚ ਕਰੇਗੀ ਅਤੇ ਉਸ (ਰਾਹੁਲ) ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲੋਕ ਸਭਾ ਚੋਣਾਂ ਕੁਝ ਮਹੀਨਿਆਂ ਵਿੱਚ ਹੋਣੀਆਂ ਹਨ। ਅਸਾਮ ਦੇ ਪੁਲਸ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਕਿਹਾ ਕਿ ਵਧੀਕ ਪੁਲਸ ਡਾਇਰੈਕਟਰ ਜਨਰਲ (ਸੀਆਈਡੀ) ਦੁਆਰਾ ਗਠਿਤ ਐਸਆਈਟੀ ਦੁਆਰਾ ਪੂਰੀ ਤਰ੍ਹਾਂ ਜਾਂਚ ਲਈ ਕੇਸ ਨੂੰ ਅਸਾਮ ਸੀਆਈਡੀ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਰਮਾ ਨੇ ਸੂਬੇ ਦੇ ਪੁਲਿਸ ਮਹਾਨਿਰਦੇਸ਼ਕ ਨੂੰ ਰਾਹੁਲ ਗਾਂਧੀ ਖ਼ਿਲਾਫ਼ ਭੀੜ ਨੂੰ ਬੈਰੀਕੇਡ ਤੋੜਨ ਲਈ ਉਕਸਾਉਣ ਲਈ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਦੋਂ ਕਾਂਗਰਸੀ ਸਮਰਥਕਾਂ ਨੇ ਬੈਰੀਕੇਡ ਹਟਾਏ ਤਾਂ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਇਸ ਦੌਰਾਨ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਭੂਪੇਨ ਬੋਰਾ ਅਤੇ ਸੂਬਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇਵਬਰਤ ਸੈਕੀਆ ਜ਼ਖ਼ਮੀ ਹੋ ਗਏ।

Add a Comment

Your email address will not be published. Required fields are marked *