ਪੈਦਾਵਾਰ ਘਟਣ ਕਾਰਨ ਚੌਲਾਂ ਦੇ ਭਾਅ ਵਧਣ ਦੇ ਅਸਾਰ

ਨਵੀਂ ਦਿੱਲੀ, 18 ਸਤੰਬਰ– : ਝੋਨੇ ਦੀ ਬਿਜਾਈ ਦਾ ਖੇਤਰ ਘਟਣ ਕਾਰਨ ਇਸ ਸਾਲ ਚੌਲਾਂ ਦੀ ਪੈਦਾਵਾਰ 60-70 ਲੱਖ ਟਨ ਘੱਟ ਗਈ ਹੈ। ਇਸ ਕਾਰਨ ਚੌਲਾਂ ਦੀ ਕੀਮਤ ਉੱਚੀ ਬਣੀ ਰਹਿ ਸਕਦੀ ਹੈ। ਦੱਸਣਯੋਗ ਹੈ ਕਿ ਸੁਸਤ ਆਰਥਿਕਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ ਤੇ ਇਸ ਨਾਲ ਬੋਝ ਹੋਰ ਵਧੇਗਾ। ਜ਼ਿਕਰਯੋਗ ਹੈ ਕਿ ਅਨਾਜ ਸਣੇ ਹੋਰ ਖੁਰਾਕੀ ਪਦਾਰਥ ਮਹਿੰਗੇ ਹੋਣ ਕਾਰਨ ਪ੍ਰਚੂਨ ਮਹਿੰਗਾਈ ਵੱਧ ਗਈ ਸੀ ਤੇ ਅਪਰੈਲ ਵਿਚ 7 ਫ਼ੀਸਦੀ ਤੱਕ ਪਹੁੰਚ ਗਈ ਸੀ। ਇਸੇ ਤਰ੍ਹਾਂ ਥੋਕ ਮਹਿੰਗਾਈ ਵੀ ਅਨਾਜ ਦੀ ਮਹਿੰਗਾਈ ਦੇ ਬੋਝ ਹੇਠਾਂ ਦੱਬੀ ਹੋਈ ਹੈ। ਮੁਲਕ ਦੇ ਕੁਝ ਹਿੱਸਿਆਂ ਵਿਚ ਤਿੱਖੀ ਗਰਮੀ ਪੈਣ ਕਾਰਨ ਕਣਕ ਦੀ ਪੈਦਾਵਾਰ ਘਟੀ ਹੈ। ਜੂਨ ਤੋਂ ਲੈ ਕੇ ਸਤੰਬਰ ਤੱਕ ਚੰਗੀ ਤਰ੍ਹਾਂ ਮੀਂਹ ਨਾ ਪੈਣ ਤੇ ਦੱਖਣ-ਪੱਛਮੀ ਮਾਨਸੂਨ ਦੇ ਦੇਰੀ ਨਾਲ ਵਿਦਾ ਹੋਣ ਕਾਰਨ ਵੀ ਚੌਲਾਂ ਦੀ ਪੈਦਾਵਾਰ ਉਤੇ ਅਸਰ ਪਿਆ ਹੈ। ਭਾਰਤ ਵਿਚ ਚੌਲਾਂ ਦੀ ਪੈਦਾਵਾਰ ਸਾਲ 2021-22 ਫ਼ਸਲੀ ਵਰ੍ਹੇ ਦੌਰਾਨ ਰਿਕਾਰਡ 130.29 ਮਿਲੀਅਨ ਟਨ ਰਹੀ ਹੈ। ਇਸ ਤੋਂ ਪਿਛਲੇ ਸਾਲ ਇਹ 124.37 ਮਿਲੀਅਨ ਟਨ ਸੀ। ਖੁਰਾਕ ਮੰਤਰਾਲੇ ਨੇ ਇਸ ਸਾਲ ਪੈਦਾਵਾਰ 6-7 ਮਿਲੀਅਨ ਟਨ ਘੱਟ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਹ ਅਨੁਮਾਨ ਸਾਉਣੀ ਦੇ ਸੀਜ਼ਨ ਲਈ ਹੈ ਜਿਸ ਦੌਰਾਨ ਦੇਸ਼ ਦੇ 85 ਪ੍ਰਤੀਸ਼ਤ ਚੌਲ ਪੈਦਾ ਹੁੰਦੇ ਹਨ।

Add a Comment

Your email address will not be published. Required fields are marked *