ਮੰਧਾਨਾ ਦੀ ਸ਼ਾਨਦਾਰ ਪਾਰੀ, ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਹੋਵ –ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯਸਤਿਕਾ ਭਾਟੀਆ ਤੇ ਕਪਤਾਨ ਹਰਮਨਪ੍ਰੀਤ ਦੇ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਇੱਥੇ ਪਹਿਲੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਦੀਆਂ 227 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸ੍ਰਮਿਤੀ ਮੰਧਾਨਾ (99 ਗੇਂਦਾਂ ਵਿਚ 91 ਦੌੜਾਂ, 10 ਚੌਕੇ ਤੇ 1 ਛੱਕਾ), ਹਰਮਨਪ੍ਰੀਤ (94 ਗੇਂਦਾਂ ਵਿਚ ਅਜੇਤੂ 74 ਦੌੜਾਂ, 7 ਚੌਕੇ, 1 ਛੱਕਾ) ਦੇ ਅਰਧ ਸੈਂਕੜੇ ਨਾਲ 34 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ’ਤੇ 232 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਮ੍ਰਿਤੀ ਨੇ ਯਸਤਿਕਾ ਦੇ ਨਾਲ ਦੂਜੀ ਵਿਕਟ ਲਈ 96 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਦੇ ਨਾਲ ਤੀਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੂੰ ਟੀਚਾ ਹਾਸਲ ਕਰਨ ਵਿਚ ਵਧੇਰੇ ਪ੍ਰੇਸ਼ਾਨੀ ਨਹੀਂ ਹੋਈ।

ਇਸ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੀ ਆਖਰੀ ਕੌਮਾਂਤਰੀ ਲੜੀ ਦੇ ਪਹਿਲੇ ਮੈਚ ਵਿਚ ਪ੍ਰਭਾਵਿਤ ਕੀਤਾ ਪਰ ਇੰਗਲੈਂਡ ਦੀ ਮਹਿਲਾ ਟੀਮ ਚੋਟੀ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ 7 ਵਿਕਟਾਂ ’ਤੇ 226 ਦੌੜਾਂ ਬਣਾਉਣ ਵਿਚ ਸਫਲ ਰਹੀ। ਇੰਗਲੈਂਡ ਲਈ ਐਲਿਸ ਡੇਵਿਡਸਨ-ਰਿਚਰਡਸ (61 ਗੇਂਦਾਂ ’ਤੇ ਅਜੇਤੂ 50), ਡੈਨੀ ਵਾਟ (50 ਗੇਂਦਾਂ ’ਚ 43 ਦੌੜਾਂ) ਤੇ ਸੋਫੀ ਐਕਲੇਸਟੋਨ (31) ਨੇ ਸ਼ਲਾਘਾਯੋਗ ਯੋਗਦਾਨ ਦਿੱਤਾ।

Add a Comment

Your email address will not be published. Required fields are marked *