ਆਨਲਾਈਨ ਗੇਮ ਦੇ ਚੱਕਰ ‘ਚ ਦੋਸਤਾਂ ਨੇ ਕੀਤਾ ਦੋਸਤ ਦਾ ਕਤਲ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਇਕ ਆਨਲਾਈਨ ਮੋਬਾਈਲ ਗੇਮ ਦਾ ਪਾਸਵਰਡ ਸਾਂਝਾ ਕਰਨ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੌਜਵਾਨ ਦੀ ਉਸ ਦੇ ਚਾਰ ਦੋਸਤਾਂ ਨੇ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਪਪਾਈ ਇਕ ਮੋਬਾਈਲ ਆਨਲਾਈਨ ਗੇਮ ਲਈ ਪਾਸਵਰਡ ਸਾਂਝਾ ਕਰਨ ਨੂੰ ਲੈ ਕੇ ਅਸਹਿਮਤੀ ਤੋਂ ਬਾਅਦ ਉਸ ਦੇ ਚਾਰ ‘ਨਜ਼ਦੀਕੀ’ ਦੋਸਤਾਂ ਦੁਆਰਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਹ ਪੰਜ ਨੌਜਵਾਨ ਫਰੱਕਾ ਬੈਰਾਜ ਦੇ ਇਕ ਕੁਆਰਟਰ ‘ਚ ਆਨਲਾਈਨ ਗੇਮ ਖੇਡਦੇ ਸਨ। ਪਪਾਈ ਜਨਵਰੀ ਦੀ ਸ਼ਾਮ ਨੂੰ ਬਾਹਰ ਗਿਆ ਸੀ, ਪਰ ਵਾਪਸ ਨਹੀਂ ਆਇਆ। ਪਰਿਵਾਰ ਨੇ 9 ਜਨਵਰੀ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਚਾਰ ‘ਦੋਸਤਾਂ’ ਨੇ ਆਪਣੇ-ਆਪਣੇ ਬਾਈਕ ‘ਚੋਂ ਪੈਟਰੋਲ ਕੱਢ ਕੇ ਮ੍ਰਿਤਕ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪੁਲਸ ਅਨੁਸਾਰ ਮ੍ਰਿਤਕ ਦੀ ਮਾਂ ਨੇ ਮ੍ਰਿਤਕ ਦੇ ਸਰੀਰ ’ਤੇ ਬਣੇ ਟੈਟੂ ਤੋਂ ਉਸ ਦੀ ਪਛਾਣ ਕੀਤੀ ਹੈ। ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਇਸ ਆਨਲਾਈਨ ਗੇਮ ਦਾ ਇੰਨਾ ਆਦੀ ਸੀ ਕਿ ਉਸ ਨੇ ਇਸ ਸਾਲ ਆਪਣੀ ਪ੍ਰੀ-ਬੋਰਡ ਪ੍ਰੀਖਿਆ ਵੀ ਛੱਡ ਦਿੱਤੀ ਸੀ।

