ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ

ਭਾਰਤ ਅਤੇ ਮਾਲਦੀਵ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਜਿੱਥੇ ਮਾਲਦੀਵ ਦੇ ਰਾਸ਼ਟਰਪਤੀ ਮਹੁੰਮਦ ਮੁਇਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਮਾਲਦੀਵ ਤੋਂ ਭਾਰਤ ਨੂੰ ਫੌਜਾਂ ਹਟਾਉਣ ਨੂੰ ਕਿਹਾ ਸੀ, ਉੱਥੇ ਹੀ ਹੁਣ ਮੁਇਜ਼ੂ ਨੇ ਭਾਰਤ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਕਈ ਵੱਡੇ ਐਲਾਨ ਕੀਤੇ ਹਨ।

ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਐਲਾਨ ਕੀਤਾ ਕਿ ਦੇਸ਼ ਦੀਆਂ ਹਸਪਤਾਲ ਸੇਵਾਵਾਂ ਨੂੰ ਭਾਰਤ ਤੋਂ ਥਾਈਲੈਂਡ ਅਤੇ ਯੂ.ਏ.ਈ. ਵੱਲ ਸ਼ਿਫਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਰਾਸ਼ਨ ਲਈ ਜਿੱਥੇ ਪਹਿਲਾਂ ਮੁੱਖ ਤੌਰ ‘ਤੇ ਭਾਰਤ ‘ਤੇ ਨਿਰਭਰ ਸੀ, ਹੁਣ ਉਹ ਮੁੱਖ ਰਾਸ਼ਨ ਉਤਪਾਦਾਂ ਲਈ ਤੁਰਕੀ ਨਾਲ ਸਮਝੌਤਾ ਕਰਨਗੇ। ਨਵੇਂ ਹਸਪਤਾਲਾਂ ਦੇ ਨਿਰਮਾਣ ਲਈ ਵੀ ਉਹ ਹੁਣ ਚੀਨੀ ਕੰਪਨੀਆਂ ਨਾਲ ਸਮਝੌਤੇ ਕਰਨਗੇ। ਦੇਸ਼ ‘ਚ ਦਵਾਈਆਂ ਦਾ ਆਯਾਤ ਪਹਿਲਾਂ ਜਿੱਥੇ ਸਿਰਫ਼ ਭਾਰਤ ਤੋਂ ਹੀ ਕੀਤਾ ਜਾਂਦਾ ਸੀ, ਉੱਥੇ ਹੀ ਹੁਣ ਮਾਲਦੀਵ ਦਵਾਈਆਂ ਲਈ ਵੀ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵੱਲ ਦਾ ਰੁਖ਼ ਕਰੇਗਾ। 

ਦੱਸ ਦੇਈਏ ਕਿ ਬੀਤੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਕਸ਼ਦੀਪ ‘ਤੇ ਕੀਤੇ ਗਏ ਦੌਰੇ ਦੌਰਾਨ ਮਾਲਦੀਵ ਦੇ ਕੁਝ ਮੰਤਰੀਆਂ ਨੇ ਮੋਦੀ ‘ਤੇ ਲਕਸ਼ਦੀਪ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਮਸਲਾ ਕਾਫ਼ੀ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਗਿਆ ਹੈ। ਹਵਾਈ ਜਹਾਜ਼ ਕੰਪਨੀਆਂ ਨੇ ਜਿੱਥੇ ਮਾਲਦੀਵ ਨੂੰ ਜਾਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ, ਉੱਥੇ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਦੇ ਇਸ ਤਰ੍ਹਾਂ ਦੇ ਵਿਵਾਦਪੂਰਨ ਫੈਸਲਿਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਵਿਵਾਦ ਜਲਦੀ ਹੱਲ ਹੋਣ ਵਾਲਾ ਨਹੀਂ ਹੈ। 

Add a Comment

Your email address will not be published. Required fields are marked *