ਪਾਕਿਸਤਾਨ ‘ਚ ਬ੍ਰਿਟੇਨ ਦੀ ਰਾਜਦੂਤ ਨੇ ਕੀਤਾ PoK ਦਾ ਦੌਰਾ

ਨਵੀਂ ਦਿੱਲੀ – ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋਂ ਹਾਲ ਹੀ ਵਿਚ ਕੀਤੇ ਗਏ ਪੀ.ਓ.ਕੇ. ਦੌਰੇ ਨੇ ਬਖੇੜਾ ਖੜਾ ਕਰ ਦਿੱਤਾ ਹੈ। ਪਾਕਿਸਤਾਨ ‘ਚ ਤਾਇਨਾਤ ਬ੍ਰਿਟੇਨ ਦੀ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ 10 ਜਨਵਰੀ ਨੂੰ ਪੀ.ਓ.ਕੇ. ਦਾ ਦੌਰਾ ਕੀਤਾ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੇ ਦੌਰੇ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਸ ਲਈ ਹੁਣ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਆਪਣੀ ਮਰਜ਼ੀ ਨਾਲ ਪੀ.ਓ.ਕੇ. ਦਾ ਦੌਰਾ ਕੀਤਾ ਹੈ ਜਾਂ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੌਰੇ ਪਿੱਛੇ ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਹੈ।

ਮਾਹਿਰ ਸਵਾਲ ਪੁੱਛ ਰਹੇ ਹਨ ਕਿ ਜੇਕਰ ਬ੍ਰਿਟੇਨ ਸਰਕਾਰ ਦੀ ਇਸ ਦੌਰੇ ਪਿੱਛੇ ਕੋਈ ਮਨਜ਼ੂਰੀ ਨਹੀਂ ਹੈ ਤਾਂ ਫਿਰ ਬ੍ਰਿਟੇਨ ਦੀ ਹਾਈ ਕਮਿਸ਼ਨਰ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਦੌਰੇ ਬਾਰੇ ਲਿਖਿਆ, “ਮੀਰਪੁਰ ਤੋਂ ਸਲਾਮ, ਬ੍ਰਿਟੇਨ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਆਪਸੀ ਸਬੰਧਾਂ ਦਾ ਕੇਂਦਰ! 70 ਫ਼ੀਸਦੀ ਬ੍ਰਿਟਿਸ਼ ਪਾਕਿਸਤਾਨੀਆਂ ਦੀਆਂ ਜੜ੍ਹਾਂ ਮੀਰਪੁਰ ਵਿੱਚ ਹਨ, ਜਿਸ ਨਾਲ ਸਾਡਾ ਮਿਲ ਕੇ ਕੰਮ ਕਰਨਾ ਪ੍ਰਵਾਸੀ ਹਿੱਤਾਂ ਲਈ ਮਹੱਤਵਪੂਰਨ ਹੋ ਗਿ ਹੈ। ਤੁਹਾਡੀ ਮਹਿਮਾਨਨਿਵਾਜ਼ੀ ਲਈ ਧੰਨਵਾਦ!” ਮੀਰਪੁਰ ਪੀ.ਓ.ਕੇ. ਵਿੱਚ ਪੈਂਦਾ ਹੈ ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਵਿਵਾਦਿਤ ਇਲਾਕਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੂਨ ਵਿੱਚ ਜੇਨ ਮੈਰੀਅਟ ਨੂੰ ਪਾਕਿਸਤਾਨ ਵਿੱਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਉਹ ਇਸਲਾਮਾਬਾਦ ਵਿੱਚ ਪਹਿਲੀ ਮਹਿਲਾ ਬ੍ਰਿਟਿਸ਼ ਰਾਜਦੂਤ ਬਣ ਗਈ ਸੀ।

Add a Comment

Your email address will not be published. Required fields are marked *