ਯੂਨੀਵਰਸਿਟੀ ’ਚ ਇਤਰਾਜ਼ਯੋਗ ਵੀਡੀਓ ਮਾਮਲੇ ’ਚ ਸੋਨੂੰ ਸੂਦ ਦੀ ਲੋਕਾਂ ਨੂੰ ਅਪੀਲ, ਕਿਹਾ- ‘ਜ਼ਿੰਮੇਵਾਰ ਬਣੋ’

ਪੰਜਾਬ ’ਚ ਚੰਡੀਗੜ੍ਹ ਦੀ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚ ਰਹਿੰਦੀਆਂ ਕਰੀਬ 60 ਵਿਦਿਆਰਥਣਾਂ ਦੀ ਨਹਾਉਂਦੀਆਂ ਦੀ ਵੀਡੀਓ ਲੀਕ ਹੋਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ’ਚ ਹਲਚਲ ਮਚ ਗਈ ਹੈ। ਸ਼ਨੀਵਾਰ ਦੀ ਰਾਤ ਨੂੰ ਵਿਦਿਆਰਥਣਾਂ ਨੇ ਇਸ ਦੇ ਖਿਲਾਫ਼ ਭਾਰੀ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਦੇ ਨਾਲ ਹੀ ਹਾਲ ਹੀ ’ਚ ਅਦਾਕਾਰ ਸੋਨੂੰ ਸੂਦ ਨੇ ਇਸ ਮੰਦਭਾਗੀ ਘਟਨਾ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਲੜਕੀਆਂ ਦੀ ਲੀਕ ਹੋਈ ਵੀਡੀਓ ਨੂੰ ਵਾਇਰਲ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ ਕਿ ‘ਚੰਡੀਗੜ੍ਹ ਯੂਨੀਵਰਸਿਟੀ ’ਚ ਜੋ ਕੁਝ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜ੍ਹੇ ਹੋਈਏ ਅਤੇ ਇਕ ਜ਼ਿੰਮੇਵਾਰ ਸਮਾਜ ਦੀ ਮਿਸਾਲ ਕਾਇਮ ਕਰੀਏ। ਇਹ ਸਾਡੇ ਲਈ ਪਰਖ ਦਾ ਸਮਾਂ ਹੈ, ਪੀੜਤਾਂ ਲਈ ਨਹੀਂ। ਜ਼ਿੰਮੇਵਾਰ ਬਣੋ।’

ਦੱਸ ਦੇਈਏ ਕਿ ਨਿੱਜੀ ਯੂਨੀਵਰਸਿਟੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 60 ਦੇ ਕਰੀਬ ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਕੁੜੀ ਕਿਸੇ ਮੁੰਡੇ ਨੂੰ ਭੇਜਦੀ ਸੀ, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ। ਦਰਅਸਲ ਯੂਨੀਵਰਸਿਟੀ ’ਚ ਕੁੜੀਆਂ ਦੇ ਬਾਥਰੂਮ ਅੰਦਰ ਵੀਡੀਓ ਬਣਾਉਂਦੇ ਹੋਏ ਦੋਸ਼ੀ ਕੁੜੀ ਨੂੰ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਭੜਕੇ ਵਿਦਿਆਰਥੀਆਂ ਨੇ ਦੇਰ ਰਾਤ ਯੂਨੀਵਰਸਿਟੀ ਕੈਂਪਸ ’ਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਘੇਰ ਲਿਆ ਅਤੇ ਇਨਸਾਫ਼ ਲੈਣ ਲਈ ਨਾਅਰੇਬਾਜ਼ੀ ਕੀਤੀ। 

Add a Comment

Your email address will not be published. Required fields are marked *