PM ਮੋਦੀ ਤੇ UAE ਦੇ ਰਾਸ਼ਟਰਪਤੀ ਨੇ ਦੁਵੱਲੇ ਸਬੰਧਾਂ ਦੀ ਕੀਤੀ ਸ਼ਲਾਘਾ

ਗਾਂਧੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਮੰਗਲਵਾਰ ਨੂੰ ਇੱਥੇ ਦੁਵੱਲੀ ਬੈਠਕ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਤੇਜ਼ੀ ਨਾਲ ਵਧ ਰਹੀ ਦੁਵੱਲੀ ਸਾਂਝੇਦਾਰੀ ਦੀ ਸ਼ਲਾਘਾ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਭਾਰਤ ਅਤੇ ਯੂ.ਏ.ਈ. ਦਰਮਿਆਨ 4 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਗੁਜਰਾਤ ਸਰਕਾਰ ਅਤੇ ਦੁਬਈ ਸਥਿਤ ਮਲਟੀਨੈਸ਼ਨਲ ਲੌਜਿਸਟਿਕ ਕੰਪਨੀ ਡੀਪੀ ਵਰਲਡ ਵਿਚਾਲੇ ਸਮਝੌਤਾ ਵੀ ਸ਼ਾਮਲ ਹੈ।

ਸੱਤ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਮੋਦੀ ਅਤੇ ਅਲ ਨਾਹਯਾਨ ਵਿਚਾਲੇ ਇਹ ਚੌਥੀ ਮੁਲਾਕਾਤ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਵਿਚ ਲਿਖਿਆ, ‘ਵਿਆਪਕ ਰਣਨੀਤਕ ਭਾਈਵਾਲੀ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗਰਮਜੋਸ਼ੀ ਨਾਲ ਚਰਚਾ ਕੀਤੀ। 7 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਚੌਥੀ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਤੇਜ਼ੀ ਨਾਲ ਬਦਲ ਰਹੀ ਭਾਰਤ-ਯੂ.ਏ.ਈ. ਸਾਂਝੇਦਾਰੀ ਦੀ ਸ਼ਲਾਘਾ ਕੀਤੀ ਅਤੇ ਸਾਂਝੇ ਅਤੇ ਖੁਸ਼ਹਾਲ ਭਵਿੱਖ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।” ਜੈਸਵਾਲ ਨੇ ਇਕ ਹੋਰ ਪੋਸਟ ਵਿੱਚ ਸਮਝੌਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਯੂ.ਏ.ਈ. ਵਿਚਕਾਰ 3 ਸਮਝੌਤੇ ਨਵਿਆਉਣਯੋਗ ਊਰਜਾ ਖੇਤਰ, ਨਵੀਨਤਾਕਾਰੀ ਸਿਹਤ ਸੰਭਾਲ ਪ੍ਰੋਜੈਕਟਾਂ ਅਤੇ ਫੂਡ ਪਾਰਕ ਦੇ ਵਿਕਾਸ ਵਿਚ ਨਿਵੇਸ਼ ਨਾਲ ਸਬੰਧਤ ਹਨ।

Add a Comment

Your email address will not be published. Required fields are marked *