ਪਾਕਿ ਦਾ ਟੈਸਟ ਸੀਰੀਜ਼ ’ਚ ਸਫਾਇਆ ਕਰ ਕੇ ਆਸਟ੍ਰੇਲੀਆ ਨੇ ਵਾਰਨਰ ਨੂੰ ਦਿੱਤੀ ਵਿਦਾਈ

ਸਿਡਨੀ– ਪਾਕਿਸਤਾਨ ਵਿਰੁੱਧ ਸੀਰੀਜ਼ ਦੇ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਸ਼ਾਨਦਾਰ ਅਰਧ ਸੈਂਕੜਾ ਲੈ ਕੇ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ  ਆਸਟ੍ਰੇਲੀਆ ਨੂੰ ਚੌਥੇ ਦਿਨ 8 ਵਿਕਟਾਂ ਨਾਲ ਜਿੱਤ ਦਿਵਾਈ ਤੇ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪਰਥ ਤੇ ਮੈਲਬੋਰਨ ਵਿਚ ਪਾਕਿਸਤਾਨ ਵਿਰੁੱਧ ਜਿੱਤ ਦਰਜ ਕੀਤੀ ਸੀ। ਸਿਡਨੀ ਕ੍ਰਿਕਟ ਗਰਾਊਂਡ ’ਤੇ ਮੈਚ ਦੇ ਚੌਥੇ ਤੇ  ਆਖਰੀ ਦਿਨ ਮੇਜ਼ਬਾਨ ਟੀਮ ਨੇ 130 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ।

ਦਿਨ ਦੀ ਖੇਡ ਸ਼ੁਰੂਆਤ ਮੁਹੰਮਦ ਰਿਜਵਾਨ ਤੇ ਆਮਿਰ ਜਮਾਲ ਨੇ ਚੌਕਸੀ ਨਾਲ ਕੀਤੀ। ਰਿਜਵਾਨ (28) ਨੂੰ ਨਾਥਨ ਲਿਓਨ ਨੇ ਆਊਟ ਕੀਤਾ। ਪਾਕਿਸਤਾਨ ਨੂੰ 100 ਦੌੜਾਂ ਦੇ ਸਕੋਰ ਦੇ ਅੰਕੜੇ ਨੂੰ ਪਾਰ ਕਰਵਾਉਣ ਤੋਂ ਬਾਅਦ ਰਿਜਵਾਨ ਨੇ ਲਿਓਨ ਦੀ ਗੇਂਦ ’ਤੇ ਪਹਿਲੀ ਸਲਿਪ ਵਿਚ ਵਾਰਨਰ ਨੂੰ ਕੈਚ ਦੇ ਦਿੱਤਾ। ਪਾਕਿਸਤਾਨ ਦੀਆਂ ਮੁਸ਼ਕਿਲਾਂ ਤਦ ਹੋਰ ਵੱਧ ਗਈਆਂ ਜਦੋਂ ਪੈਟ ਕਮਿੰਸ ਦੀ ਗੇਂਦ ’ਤੇ ਆਮਿਰ (18) ਡੀਪ ਸਕੁਐਰ ਲੈੱਗ ’ਤੇ ਟ੍ਰੈਵਿਸ ਹੈੱਡ ਦੇ ਹੱਥੋਂ ਕੈਚ ਆਊਟ ਹੋ ਗਿਆ। ਲਿਓਨ ਨੇ ਆਖਰੀ ਖਿਡਾਰੀ ਦੇ ਤੌਰ ’ਤੇ ਹਸਨ ਅਲੀ ਨੂੰ ਆਊਟ ਕੀਤਾ ਤੇ ਮਹਿਮਾਨ ਟੀਮ 115 ਦੌੜਾਂ ’ਤੇ ਆਲਆਊਟ ਹੋ ਗਈ।
ਆਸਟ੍ਰੇਲੀਆ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਜਦੋਂ ਸਾਜਿਦ ਖਾਨ ਦੀ ਗੇਂਦ ’ਤੇ ਪਹਿਲੇ ਹੀ ਓਵਰ ਵਿਚ ਉਸਮਾਨ ਖਵਾਜਾ ਐੱਲ. ਬੀ. ਡਬਲਯੂ. ਕਰਾਰ ਦਿੱਤੇ ਗਏ। ਪਹਿਲੀ ਵਿਕਟ 0 ’ਤੇ ਗਵਾਉਣ ਦੇ ਬਾਵਜੂਦ ਆਸਟ੍ਰੇਲੀਆ ਨੇ ਹਮਲਾਵਰ ਰਵੱਈਆ ਅਪਣਾਇਆ। ਵਾਰਨਰ ਨੇ ਆਪਣੀ ਟੀਮ ਨੂੰ ਬੜ੍ਹਤ ਦਿਵਾਉਣ ਲਈ ਕਈ ਹਮਲਾਵਰ ਸ਼ਾਟਾਂ ਲਾਈਆਂ। ਉਸ ਨੇ ਆਪਣੇ ਟੈਸਟ ਕਰੀਅਰ ਦੇ 37ਵਾਂ ਤੇ ਆਖਰੀ ਅਰਧ ਸੈਂਕੜਾ ਪੂਰਾ ਕਰਨ ਲਈ ਕੁਝ ਸਾਹਸੀ ਸ਼ਾਟਾਂ ਲਾਈਆਂ।

ਲੰਚ ਤਕ ਆਸਟ੍ਰੇਲੀਆ ਨੂੰ ਜਿੱਤ ਲਈ ਸਿਰਫ 39 ਦੌੜਾਂ ਹੋਰ ਚਾਹੀਦੀਆਂ ਸਨ ਤੇ ਮਾਰਨਸ ਲਾਬੂਸ਼ੇਨ ਦਾ ਆਤਮਵਿਸ਼ਵਾਸ ਵੀ ਵੱਧ ਰਿਹਾ ਸੀ।  ਆਸਟ੍ਰੇਲੀਆ ਟੀਚੇ ਤੋਂ 11 ਦੌੜਾਂ ਪਿੱਛੇ ਸੀ ਤਦ ਸਾਜਿਦ ਦੀ ਗੇਂਦ ’ਤੇ ਵਾਰਨਰ (57) ਨੂੰ ਐੱਲ. ਬੀ. ਡਬਲਯੂ. ਕਰਾਰ ਦੇ ਦਿੱਤਾ ਗਿਆ। ਲਾਬੂਸ਼ੇਨ ਨੇ 73 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਅਜੇਤੂ ਰਹਿੰਦੇ ਹੋਏ ਜੇਤੂ ਦੌੜ ਬਣਾਈ। ਆਮਿਰ ਨੂੰ ਪਹਿਲੀ ਪਾਰੀ ਵਿਚ ਸ਼ਾਨਦਾਰ 82 ਦੌੜਾਂ ਬਣਾਉਣ ਲਈ ‘ਪਲੇਅਰ ਆਫ ਦਿ ਮੈਚ’ ਐਲਾਨ ਕੀਤਾ ਗਿਆ ਜਦਕਿ ਆਸਟ੍ਰੇਲੀਆ ਦੇ ਕਪਤਾਨ ਕਮਿੰਸ ਨੂੰ ਸੀਰੀਜ਼ ਵਿਚ ਸਭ ਤੋਂ ਵੱਧ 19 ਵਿਕਟਾਂ ਲੈਣ ਲਈ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਵਿਚ ਵਾਰਨਰ ਨੂੰ ਭਾਵਭਿੰਨੀ ਵਿਦਾਈ ਦਿੱਤੀ ਗਈ। ਪਾਕਿਸਤਾਨ ਦੇ ਕਪਤਾਨ ਸ਼ਾਨ ਮਸੂਦ ਨੇ ਸਲਾਮੀ ਬੱਲੇਬਾਜ਼ ਨੂੰ ਵਿਦਾਈ ਤੋਹਫੇ ਦੇ ਰੂਪ ਵਿਚ ਬਾਬਰ ਆਜ਼ਮ ਦੀ ਦਸਤਖਤ ਕੀਤੀ ਗਈ ਜਰਸੀ ਭੇਟ ਕੀਤੀ।

Add a Comment

Your email address will not be published. Required fields are marked *