ਅਫਗਾਨਿਸਤਾਨ ਅਤੇ ਪਾਕਿਸਤਾਨ ‘ਚ ਸਿੱਖ ਭਾਈਚਾਰਾ ਮਨਾਏਗਾ ‘ਪ੍ਰਕਾਸ਼ ਪੁਰਬ’

ਅਫਗਾਨਿਤਾਨ ਅਤੇ ਪਾਕਿਸਤਾਨ ਵਿਚ ਰਹਿ ਰਿਹਾ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਕਾਬੁਲ ਵਿੱਚ ਰਹਿਣ ਵਾਲਾ ਇੱਕ ਛੋਟਾ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰ ਹੈ, ਜੋ ਸ਼ੁੱਕਰਵਾਰ ਨੂੰ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੇ ਇੱਕੋ ਇੱਕ ਕਾਰਜਸ਼ੀਲ ਗੁਰਦੁਆਰਾ ਸਾਹਿਬ ਵਿੱਚ ਮਨਾਏ ਜਾਣ ਦੀ ਉਮੀਦ ਹੈ। ਹਾਲਾਂਕਿ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ) ਨੇ ਇਸਲਾਮਿਕ ਰਾਸ਼ਟਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇੱਕ ਵਿਸਤ੍ਰਿਤ ਜਸ਼ਨ ਦੀ ਰੂਪਰੇਖਾ ਤਿਆਰ ਕੀਤੀ ਹੈ।

ਨਾਨਕਸ਼ਾਹੀ ਕੈਲੰਡਰ ਵਿੱਚ ਮਤਭੇਦ ਹੋਣ ਕਾਰਨ ਅਫਗਾਨਿਸਤਾਨ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਪ੍ਰਕਾਸ਼ ਪੁਰਬ 17 ਜਨਵਰੀ ਨੂੰ ਮਨਾਇਆ ਜਾਵੇਗਾ। ਕਾਬੁਲ ਦੇ ਵਸਨੀਕ ਮਨਮੋਹਨ ਸਿੰਘ ਨੇ ਸਮਾਚਾਰ ਏਜੰਸੀ TOI ਨੂੰ ਦੱਸਿਆ ਕਿ ਕਾਬੁਲ ਵਿੱਚ ਗੁਰਦੁਆਰਾ ਕਾਰਤੇ ਪਰਵਾਨ ਅਫਗਾਨਿਸਤਾਨ ਵਿੱਚ ਇੱਕੋ ਇੱਕ ਕਾਰਜਸ਼ੀਲ ਗੁਰਦੁਆਰਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉਨ੍ਹਾਂ ਨੇ ਕਿਹਾ,”ਅਸੀਂ ਕਾਬੁਲ ਵਿੱਚ ਰਹਿ ਰਹੇ ਸਿਰਫ਼ 10-12 ਸਿੱਖ ਹਾਂ ਅਤੇ ਕੱਲ੍ਹ ਸ਼ਾਮ ਨੂੰ ਦਸਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਕਾਰਤੇ ਪਰਵਾਨ ਵਿੱਚ ਇਕੱਠੇ ਹੋਵਾਂਗੇ”।

ਉੱਧਰ ਪੀ.ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਭਰ ਦੇ ਗੁਰਦੁਆਰਿਆਂ ਵਿੱਚ ਪ੍ਰਬੰਧ ਕੀਤੇ ਗਏ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਜਨਵਰੀ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਅਤੇ ਹੋਰ ਗੁਰਦੁਆਰਿਆਂ ਵਿੱਚ ਪਾਏ ਜਾਣਗੇ। ਲਾਹੌਰ ‘ਚ ਸ਼ੁੱਕਰਵਾਰ ਨੂੰ ਅਖੰਡ ਪਾਠ ਆਰੰਭ ਹੋਵੇਗਾ, ਜਿਸ ਦੇ ਭੋਗ 7 ਜਨਵਰੀ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਪਾਏ ਜਾਣਗੇ| ਅਜਿਹਾ ਇਸ ਲਈ ਕਿਉਂਕਿ ਲਾਹੌਰ ਤੋਂ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਵਿਚ ਮੱਥਾ ਟੇਕਣ ਲਈ ਜਾਣਗੇ। ਇਸ ਲਈ 7 ਜਨਵਰੀ ਨੂੰ ਲਾਹੌਰ ਵਿੱਚ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਕੀਤਾ ਗਿਆ।

Add a Comment

Your email address will not be published. Required fields are marked *