ਅਮਰੀਕਾ : ਕੋਲੋਰਾਡੋ ਸੁਪਰੀਮ ਕੋਰਟ ’ਚ ਦਾਖ਼ਲ ਹੋ ਕੇ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ

ਡੈਨਵਰ – ਕੋਲੋਰਾਡੋ ਸੁਪਰੀਮ ਕੋਰਟ ’ਚ ਦਾਖ਼ਲ ਹੋ ਕੇ ਇਕ ਬੰਦੂਕਧਾਰੀ ਨੇ ਇਕ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਲਿਆ ਅਤੇ ਗੋਲੀਬਾਰੀ ਕੀਤੀ। ਕੁਝ ਦੇਰ ਬਾਅਦ ਸਥਾਨਕ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੋਲੋਰਾਡੋ ਸਟੇਟ ਪੈਟਰੋਲਿੰਗ ਟੀਮ (ਸੀ. ਐੱਸ. ਪੀ.) ਅਨੁਸਾਰ, ਘਟਨਾ ਮੰਗਲਵਾਰ ਦੀ ਰਾਤ 1.15 ਵਜੇ ਹੋਈ। ਸ਼ੱਕੀ ਦੀ ਪਛਾਣ 44 ਸਾਲਾ ਬ੍ਰੈਂਡਨ ਆਲਸੇਨ ਵਜੋਂ ਹੋਈ, ਉਹ ਇਮਾਰਤ ਦੇ ਬਾਹਰ 2 ਕਾਰਾਂ ਦੀ ਟੱਕਰ ਦੇ ਬਾਅਦ ਇਕ ਖਿੜਕੀ ਰਾਹੀਂ ਕੋਰਟ ਵਿਚ ਦਾਖ਼ਲ ਹੋਇਆ ਸੀ।

ਕੋਰਟ ’ਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਸੀ. ਐੱਸ. ਪੀ. ਦੀ ਕੈਪੀਟਲ ਸੁਰੱਖਿਆ ਇਕਾਈ ਦੇ ਇਕ ਗਾਰਡ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਉਸ ਤੋਂ ਚਾਬੀਆਂ ਲੈ ਕੇ ਕੋਰਟ ਦੇ ਹੋਰ ਹਿੱਸਿਆਂ ’ਚ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਅੰਦਰ ਗੋਲੀਬਾਰੀ ਕੀਤੀ ਅਤੇ ਲਗਭਗ 3 ਵਜੇ ਆਪਣੀ ਮਰਜ਼ੀ ਨਾਲ ਆਤਮਸਮਰਪਣ ਕਰ ਦਿੱਤਾ। ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਸ਼ੱਕੀ ਦਾ ਇਰਾਦਾ ਅਜੇ ਸਪੱਸ਼ਟ ਨਹੀਂ ਹੋ ਸਕਿਆ।

ਉਧਰ, ਕੋਲੋਰਾਡੋ ਪੁਲਸ ਨੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਗੋਲੀਬਾਰੀ 19 ਦਸੰਬਰ, 2023 ਨੂੰ ਕੋਲੋਰਾਡੋ ਸੁਪਰੀਮ ਕੋਰਟ ਦੇ 4-3 ਫੈਸਲੇ ਨਾਲ ਸਬੰਧਤ ਨਹੀਂ ਹੈ, ਜਿਸ ’ਚ ਰਾਸ਼ਟਰਪਤੀ ਅਹੁਦੇ ਦੀ ਪ੍ਰਾਇਮਰੀ ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ। ਐੱਫ. ਬੀ. ਆਈ. ਨੇ ਪਹਿਲਾਂ ਕਿਹਾ ਸੀ ਕਿ ਉਹ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਹਟਾਉਣ ਦੇ ਫੈਸਲੇ ਤੋਂ ਬਾਅਦ ਕੋਲੋਰਾਡੋ ਸੁਪਰੀਮ ਕੋਰਟ ਦੇ ਜੱਜਾਂ ਖਿਲਾਫ ਹਿੰਸਕ ਧਮਕੀਆਂ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਕੋਲੋਰਾਡੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਕੰਮ ਕਰ ਰਹੀ ਹੈ।

Add a Comment

Your email address will not be published. Required fields are marked *