ਬਰਗਰ ਵਰਗੀ ਗੇਂਦਬਾਜ਼ੀ ਵਿਰੁੱਧ ਕੀਤਾ ਕੋਹਲੀ ਨੇ ਅਭਿਆਸ

ਕੇਪਟਾਊਨ – ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਾਂਦ੍ਰੇ ਬਰਗਰ ਦੀ ਸ਼ੈਲੀ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ ਕਾਫੀ ਆਸਵੰਦ ਦਿਸਿਆ ਜਦਕਿ ਸੋਮਵਾਰ ਨੂੰ ਇੱਥੇ ਨੈੱਟ ’ਤੇ ਸ਼ਾਟ ਗੇਂਦ ਵਿਰੁੱਧ ਸ਼੍ਰੇਅਸ ਅਈਅਰ ਇਕ ਵਾਰ ਫਿਰ ਮੁਸ਼ਕਿਲ ਵਿਚ ਨਜ਼ਰ ਆਇਆ। ਨਵੇਂ ਸਾਲ ਦੇ ਦਿਨ ਕੋਹਲੀ ਨੇ ਨੈੱਟ ਸੈਸ਼ਨ ਦੌਰਾਨ ਕਾਫੀ ਪਸੀਨਾ ਵਹਾਇਆ ਤੇ ਲਗਭਗ 20 ਤੋਂ 25 ਮਿੰਟ ਤਕ ਥ੍ਰੋਅਡਾਊਨ ਦਾ ਸਾਹਮਣਾ ਕੀਤਾ। ਕੋਹਲੀ ਨੂੰ ਨੈੱਟ ’ਤੇ ਵਿਸ਼ੇਸ਼ ਤਰ੍ਹਾਂ ਦਾ ਅਭਿਆਸ ਕਰਨ ਦੇ ਟੀਚੇ ਨਾਲ ਉਤਰਨ ਦੇ ਲਈ ਜਾਣਿਆ ਜਾਂਦਾ ਹੈ ਤੇ ਸੋਮਵਾਰ ਨੂੰ ਇੱਥੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਿਰੁੱਧ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ।

ਭਾਰਤੀ ਟੀਮ ਵਿਚ ਖੱਬੇ ਹੱਥ ਦਾ ਕੋਈ ਵੀ ਤੇਜ਼ ਗੇਂਦਬਾਜ਼ ਨਹੀਂ ਹੈ, ਇਸ ਲਈ ਇਕ ਨੈੱਟ ਗੇਂਦਬਾਜ਼ ਨੂੰ ਬੁਲਾਇਆ ਗਿਆ ਤੇ ਕੋਹਲੀ ਨੇ ਉਸਦੀਆਂ 25 ਤੋਂ 30 ਗੇਂਦਾਂ ਦਾ ਸਾਹਮਣਾ ਕੀਤਾ ਜਦਕਿ ਵਿਚਾਲੇ ਵਿਚ ਉਸ ਨੇ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਰ. ਅਸ਼ਵਿਨ ਤੇ ਆਵੇਸ਼ ਖਾਨ ਵਿਰੁੱਧ ਵੀ ਅਭਿਆਸ ਕੀਤਾ। ਸ਼ਾਟ ਗੇਂਦ ਵਿਰੁੱਧ ਅਈਅਰ ਦੀ ਕਮਜ਼ੋਰੀ ਜਗ ਜ਼ਾਹਿਰ ਹੈ। ਸੈਂਚੂਰੀਅਨ ਟੈਸਟ ਵਿਚ ਉਛਾਲ ਲੈਂਦੀਆਂ ਗੇਂਦਾਂ ਵਿਰੁੱਧ ਇਕ ਵਾਰ ਫਿਰ ਉਸਦੀਆਂ ਕਮੀਆਂ ਉਜਾਗਰ ਹੋਈਆਂ। ਕਮਰ ਤੋਂ ਥੋੜ੍ਹੀ ਉੱਪਰ ਆਉਂਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਸਮੇਂ ਅਈਅਰ ਮੁਸ਼ਕਿਲ ਵਿਚ ਨਜ਼ਰ ਆਉਂਦਾ ਹੈ। ਟ੍ਰੇਨਿੰਗ ਸੈਸ਼ਨ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਉਹ ਅਸਹਿਜ ਦਿਸ ਰਿਹਾ ਸੀ।

Add a Comment

Your email address will not be published. Required fields are marked *