ਪੰਜਾਬ ‘ਚ ਕੜਾਕੇ ਦੀ ਠੰਡ ਤੇ ਧੁੰਦ ਵਿਚਾਲੇ ਨਵੇਂ ਸਾਲ ਦੀ ਸ਼ੁਰੂਆਤ

ਜਲੰਧਰ : ਸਰਦੀ ਅਜੇ ਘੱਟਦੀ ਨਜ਼ਰ ਨਹੀਂ ਆ ਰਹੀ ਅਤੇ ਮੌਸਮ ਵਿਭਾਗ ਨੇ ਤਾਪਮਾਨ ‘ਚ ਗਿਰਾਵਟ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਨਵੇਂ ਸਾਲ ਤੋਂ ਪਹਿਲਾਂ 31 ਦਸੰਬਰ ਨੂੰ ਪੂਰਾ ਦਿਨ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਕਹਿਰ ਦੇਖਣ ਨੂੰ ਮਿਲਿਆ ਅਤੇ ਨਵੇਂ ਸਾਲ ਦੀ ਸ਼ੁਰੂਆਤ ਸੀਤ ਲਹਿਰ ਵਿਚਕਾਰ ਹੋਈ। ਮਹਾਨਗਰ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹੇ ਧੁੰਦ ਅਤੇ ਸੀਤ ਲਹਿਰ ਦੀ ਲਪੇਟ ‘ਚ ਚੱਲ ਰਹੇ ਹਨ। ਧੁੱਪ ਨਾ ਨਿਕਲਣ ਕਾਰਨ ਕਈ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਠੰਡ ਜਲਦੀ ਹੀ ਆਪਣਾ ਰੰਗ ਦਿਖਾਵੇਗੀ। ਇਸ ਦੇ ਨਾਲ ਹੀ ਬੀਤੀ ਸ਼ਾਮ ਧੁੰਦ ਨਾ ਹੋਣ ਕਾਰਨ ਨਵੇਂ ਸਾਲ ਦੇ ਪ੍ਰੋਗਰਾਮ ‘ਚ ਕਿਸੇ ਤਰ੍ਹਾਂ ਦਾ ਖਲਲ ਨਹੀਂ ਪਿਆ। ਦਿਹਾਤੀ ਇਲਾਕਿਆਂ ਸਮੇਤ ਮੁੱਖ ਮਾਰਗ ਜੀ. ਟੀ. ਰੋਡ ’ਤੇ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸਾਰਾ ਦਿਨ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਠੰਡ ‘ਚ ਵਾਧਾ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੀ ਗਿਰਾਵਟ ਜਾਰੀ ਰਹੇਗੀ। ਇਸ ਦੇ ਨਾਲ ਹੀ ਸੋਮਵਾਰ ਨੂੰ ਕੁੱਝ ਇਲਾਕਿਆਂ ’ਚ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਹਲਕੀ ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ ਸੀਤ ਲਹਿਰ ਕਾਰਨ ਠੰਡ ਵੱਧਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਹੱਡ ਜਮਾਉਣ ਵਾਲੀ ਠੰਡ ਦਾ ਸਾਹਮਣਾ ਕਰਨਾ ਪਵੇਗਾ।

1 ਤੋਂ 7 ਜਨਵਰੀ ਦਰਮਿਆਨ ਠੰਡੀਆਂ ਹਵਾਵਾਂ ਪਰੇਸ਼ਾਨੀ ਪੈਦਾ ਕਰ ਸਕਦੀਆਂ ਹਨ। ਐਤਵਾਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਦੇ ਨੇੜੇ-ਤੇੜੇ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਡਿੱਗ ਕੇ 8 ਡਿਗਰੀ ’ਤੇ ਪੁੱਜ ਗਿਆ। ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਆਵੇਗੀ ਅਤੇ 2 ਡਿਗਰੀ ਸੈਲਸੀਅਸ ਤੱਕ ਕਮੀ ਦਰਜ ਹੋ ਸਕਦੀ ਹੈ। ਪੰਜਾਬ ‘ਚ ਬਠਿੰਡਾ ਸਭ ਤੋਂ ਠੰਡਾ ਰਿਹਾ, ਜਦਕਿ ਜਲੰਧਰ ਦੇ ਆਦਮਪੁਰ ਵਿਚ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।

ਮੌਸਮ ਵਿਭਾਗ ਮੁਤਾਬਕ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ’ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਿਲਸਿਲੇ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਰੈੱਡ ਅਲਰਟ ਅਤੇ ਕਈ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਹੋਵੇਗਾ। ਇਸ ਲੜੀ ’ਚ ਜਲੰਧਰ ਰੈੱਡ ਅਲਰਟ ਸ਼੍ਰੇਣੀ ’ਚ ਆ ਰਿਹਾ ਹੈ। ਇਸ ਮੁਤਾਬਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲੇਗਾ। ਜਲੰਧਰ ਦੇ ਨਾਲ ਲੱਗਦੇ ਕਪੂਰਥਲਾ ਜ਼ਿਲੇ ’ਚ ਰੈੱਡ ਅਲਰਟ, ਜਦਕਿ ਨਵਾਂਸ਼ਹਿਰ ’ਚ ਆਰੇਂਜ ਅਲਰਟ ਦਿੱਤਾ ਗਿਆ ਹੈ, ਇਸੇ ਤਰ੍ਹਾਂ ਨਵਾਂਸ਼ਹਿਰ ਦੇ ਨਾਲ ਲੱਗਦੇ ਰੋਪੜ ਵਿਚ ਰੈੱਡ ਅਲਰਟ ਦਿਖਾਈ ਦੇ ਰਿਹਾ ਹੈ।

ਇਸ ਦੇ ਨਾਲ ਹੀ ਸਰਦੀ ਦਾ ਜ਼ੋਰ ਹੋਣ ਕਾਰਨ ਗਰਮ ਕੱਪੜਿਆਂ ਦੀ ਖ਼ਰੀਦੋ-ਫਰੋਖਤ ’ਚ ਤੇਜ਼ੀ ਆਈ ਹੈ, ਜਿਸ ਕਾਰਨ ਬਾਜ਼ਾਰਾਂ ’ਚ ਰੌਣਕ ਵਧੀ ਹੋਈ ਦੇਖਣ ਨੂੰ ਮਿਲੀ। ਸੰਡੇ ਬਾਜ਼ਾਰ ਬਾਜ਼ਾਰ ਵਿਚ ਚਹਿਲ-ਪਹਿਲ ਰਹੀ ਅਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਪਿਛਲੇ ਕੁਝ ਦਿਨਾਂ ਤੋਂ ਬਾਜ਼ਾਰਾਂ ਵਿਚ ਭੀੜ ਬਹੁਤ ਘੱਟ ਰਹੀ ਸੀ, ਜਿਸ ਕਾਰਨ ਦੁਕਾਨਦਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੇਖਣ ਵਿਚ ਆਇਆ ਕਿ ਗਰਮ ਕੱਪੜਿਆਂ ਦੀ ਖਰੀਦਦਾਰੀ ਨੂੰ ਲੈ ਕੇ ਲੋਕ ਭਾਰੀ ਉਤਸ਼ਾਹ ਦਿਖਾ ਰਹੇ ਹਨ। ਇਸੇ ਤਰ੍ਹਾਂ ਜੇਕਰ ਇਕ ਹਫ਼ਤਾ ਠੰਡ ਦਾ ਜ਼ੋਰ ਰਿਹਾ ਤਾਂ ਖ਼ਰੀਦਦਾਰੀ ਵਿਚ ਤੇਜ਼ੀ ਦੇਖਣ ਨੂੰ ਮਿਲੇਗੀ।

Add a Comment

Your email address will not be published. Required fields are marked *