ਪਤਨੀ ਸ਼ੂਰਾ ਨਾਲ ਛੁੱਟੀਆਂ ਮਨਾਉਣ ਨਿਕਲੇ ਅਰਬਾਜ਼ ਖ਼ਾਨ

ਮੁੰਬਈ – ਅਦਾਕਾਰ ਅਰਬਾਜ਼ ਖ਼ਾਨ ਨੇ ਕੁਝ ਦਿਨ ਪਹਿਲਾਂ ਮੇਕਅੱਪ ਆਰਟਿਸਟ ਸ਼ੂਰਾ ਖ਼ਾਨ ਨਾਲ ਵਿਆਹ ਕਰਵਾਇਆ ਹੈ। ਅਰਬਾਜ਼ ਨੇ ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਤੋਂ ਬਾਅਦ ਸ਼ੂਰਾ ਨਾਲ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ ਸੀ ਤੇ ਅਚਾਨਕ ਉਸ ਨਾਲ ਵਿਆਹ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਸ਼ੂਰਾ ਖ਼ਾਨ ਇਕ ਬਾਲੀਵੁੱਡ ਮੇਕਅੱਪ ਕਲਾਕਾਰ ਹੈ, ਜੋ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਹਾਲ ਹੀ ’ਚ ਉਸ ਨੂੰ ਅਰਬਾਜ਼ ਖ਼ਾਨ ਨਾਲ ਡਿਨਰ ਡੇਟ ’ਤੇ ਦੇਖਿਆ ਗਿਆ ਸੀ। ਇਸ ਦੌਰਾਨ ਉਹ ਕੈਮਰੇ ਤੋਂ ਬੱਚਦੀ ਨਜ਼ਰ ਆਈ। ਹੁਣ ਨਵੇਂ ਵਿਆਹੇ ਜੋੜੇ ਨੂੰ ਏਅਰਪੋਰਟ ’ਤੇ ਦੇਖਿਆ ਗਿਆ। ਅਰਬਾਜ਼ ਖ਼ਾਨ ਤੇ ਸ਼ੂਰਾ ਖ਼ਾਨ ਨੂੰ ਸ਼ਨੀਵਾਰ ਸਵੇਰੇ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ’ਚ ਅਰਬਾਜ਼ ਤੇ ਸ਼ੂਰਾ ਇਕ-ਦੂਜੇ ਦਾ ਹੱਥ ਫੜ ਕੇ ਏਅਰਪੋਰਟ ਵੱਲ ਜਾ ਰਹੇ ਹਨ। ਇਸ ਦੌਰਾਨ ਸ਼ੂਰਾ ਨੇ ਆਪਣਾ ਮੂੰਹ ਟੋਪੀ ਨਾਲ ਢਕਿਆ ਹੋਇਆ ਹੈ ਤੇ ਸਿਰ ਝੁਕਾ ਕੇ ਆਪਣੇ ਪਤੀ ਨਾਲ ਚੱਲ ਰਹੀ ਹੈ। ਹਾਲਾਂਕਿ ਚੈੱਕ ਇਨ ਕਰਦੇ ਸਮੇਂ ਦੋਵਾਂ ਨੇ ਪਾਪਰਾਜ਼ੀ ਲਈ ਇਕੱਠੇ ਪੋਜ਼ ਵੀ ਦਿੱਤੇ।

ਅਰਬਾਜ਼ ਤੇ ਸ਼ੂਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਨਵੇਂ ਵਿਆਹੇ ਜੋੜੇ ਨੂੰ ਏਅਰਪੋਰਟ ’ਤੇ ਕੈਜ਼ੂਅਲ ਲੁੱਕ ’ਚ ਦੇਖਿਆ ਗਿਆ। ਸ਼ੂਰਾ ਨੇ ਇਕ ਸਲੇਟੀ ਕੋ-ਆਰਡ ਸੈੱਟ ਪਹਿਨਿਆ ਸੀ, ਜਿਸ ਨੂੰ ਉਸ ਨੇ ਇਕ ਬਲੈਕ ਸਾਈਡ ਬੈਗ, ਬਲੈਕ ਕੈਪ ਤੇ ਚਿੱਟੇ ਸਨੀਕਰਸ ਨਾਲ ਸਟਾਈਲ ਕੀਤਾ ਸੀ। ਨਵ-ਵਿਆਹੀ ਲਾੜੀ ਘੱਟ ਮੇਕਅੱਪ ’ਚ ਵੀ ਸ਼ਾਨਦਾਰ ਲੱਗ ਰਹੀ ਸੀ। ਉਥੇ ਹੀ 56 ਸਾਲ ਦੇ ਅਰਬਾਜ਼ ਡੈਨਿਮ ਜੀਨਸ ਤੇ ਬਲੈਕ ਟੀ-ਸ਼ਰਟ ’ਚ ਹੈਂਡਸਮ ਲੱਗ ਰਹੇ ਸਨ।

ਸ਼ੂਰਾ ਤੇ ਅਰਬਾਜ਼ ਦਾ ਵਿਆਹ 24 ਦਸੰਬਰ, 2023 ਨੂੰ ਅਰਪਿਤਾ ਖ਼ਾਨ ਦੇ ਘਰ ਹੋਇਆ, ਜਿਥੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਅਰਬਾਜ਼ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਮਲਾਇਕਾ ਅਰੋੜਾ ਨਾਲ ਹੋਇਆ ਸੀ, ਜਿਸ ਨਾਲ 6 ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦਾ ਅਰਹਾਨ ਖ਼ਾਨ ਨਾਮ ਦਾ ਇਕ ਪੁੱਤਰ ਵੀ ਹੈ।

Add a Comment

Your email address will not be published. Required fields are marked *