ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲਖਬੀਰ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ

ਚੰਡੀਗੜ੍ਹ : ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਲੰਡਾ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਪੁਲਸ ਇੰਟੈਲੀਜੈਂਸ ਦਫਤਰ ’ਤੇ ਆਰ. ਪੀ. ਜੀ. ਹਮਲੇ ਦਾ ਮਾਸਟਰ ਮਾਈਂਡ ਹੈ। ਉਸ ’ਤੇ ਤਰਨਤਾਰਨ ਵਿਚ ਵੀ ਥਾਣੇ ’ਤੇ ਹਮਲਾ ਕਰਨ ਦਾ ਦੋਸ਼ ਹੈ। ਉਹ ਅਜੇ ਕੈਨੇਡਾ ਵਿਚ ਬੈਠ ਕੇ ਭਾਰਤ ਖ਼ਿਲਾਫ਼ ਗਤੀਵਿਧੀਆਂ ਚਲਾ ਰਿਹਾ ਹੈ। ਉਹ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨਾਲ ਸੰਬੰਧ ਰੱਖਦਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਉਸ ਖ਼ਿਲਾਫ਼ ਕਈ ਮੁਕੱਦਮੇ ਦਰਜ ਕੀਤੇ ਗਏ ਹਨ। ਹੁਣ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਭਾਰਤ ਸਰਕਾਰ ਹੁਣ ਉਸ ਨੂੰ ਕੈਨੇਡਾ ਤੋਂ ਭਾਰਤ ਲੈ ਕੇ ਆਉਣ ਦਾ ਯਤਨ ਕਰੇਗੀ। 

ਦੱਸਣਯੋਗ ਹੈ ਕਿ ਲਖਬੀਰ ਲੰਡਾ ’ਤੇ ਆਰ. ਪੀ. ਜੀ. ਅਟੈਕ ਤੋਂ ਇਲਾਵਾ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰੋਂ ਆਈ. ਡੀ., ਹਥਿਆਰ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਨਾਲ ਹੀ ਇਸ ’ਤੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਲੰਡਾ ਅੱਤਵਾਦੀ ਮਡਿਊਲ ਨੂੰ ਖੜ੍ਹਾ ਕਰਨਾ, ਜ਼ਬਰਨ ਵਸੂਲੀ, ਕਤਲ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਕਈ ਮਾਮਲਿਆਂ ਵਿਚ ਸ਼ਾਮਲ ਹੈ। 

Add a Comment

Your email address will not be published. Required fields are marked *