ਤਰਨਤਾਰਨ ‘ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ

ਤਰਨਤਾਰਨ – ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਰੰਜਿਸ਼ ਦੇ ਚੱਲਦਿਆ ਇਕ ਧਿਰ ਵਲੋਂ ਦੂਸਰੀ ਧਿਰ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਕਰੀਬ 2 ਦਰਜਨ ਰੌਂਦ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਦੀ ਮੌਤ ਹੋਣ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਰੰਜਿਸ਼ ਦੇ ਚੱਲਦਿਆਂ ਕਾਰ ਸਵਾਰ ਇਕ ਧਿਰ ਵਲੋਂ ਦੂਸਰੀ ਧਿਰ ’ਤੇ ਅੰਨ੍ਹੇਵਾਹ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਹੋਈ ਕਰੀਬ ਦੋ ਦਰਜਨ ਫਾਈਰਿੰਗ ਨਾਲ ਪਿੰਡ ਵਾਸੀ ਸਹਿਮ ਗਏ। ਇਸ ਫਾਈਰਿੰਗ ਦੌਰਾਨ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਸਣੇ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।

ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਦੇ ਇਕ ਘਰ ਵਿਚ ਇਸਾਈ ਭਾਈਚਾਰੇ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ। ਜਿਸ ਨੂੰ ਪਿੰਡ ਦੇ ਹੀ ਨੌਜਵਾਨਾਂ ਵਲੋਂ ਜਬਰੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਵਿਰੋਧ ਉਸ ਦੇ ਭਰਾ ਅਰਸ਼ਦੀਪ ਸਿੰਘ ਵਲੋਂ ਕੀਤਾ ਗਿਆ ਸੀ, ਜਿਸ ਦੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਪਹਿਲਾਂ ਹੀ ਦੇ ਦਿੱਤੀਆਂ ਸਨ।

ਇਸ ਵਾਰਦਾਤ ’ਚ ਬਲਵਿੰਦਰ ਸਿੰਘ (55) ਉਰਫ਼ ਕਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 3 ਵਿਅਕਤੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਪਹੁੰਚੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਅਤੇ ਪੁਲਸ ਚੌਂਕੀ ਫਤਿਆਬਾਦ ਦੇ ਇੰਚਾਰਜ ਗੱਜਣ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿਚ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਸਮਸ਼ੇਰ ਸਿੰਘ, ਜਰਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਜਲਦ ਭਾਲ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *