ਇਟਲੀ ’ਚ ਪਾਕਿਸਾਤਨੀ ਜੋੜੇ ਨੂੰ ਧੀ ਦਾ ਕਤਲ ਕਰਨਾ ਪਿਆ ਮਹਿੰਗਾ

ਜਲੰਧਰ- ਮੱਧ ਇਟਲੀ ਦੇ ਰੇਗਿਓ ਏਮੀਲੀਆ ਦੀ ਇਕ ਅਦਾਲਤ ਨੇ ਇਕ ਪਾਕਿਸਤਾਨੀ ਜੋੜੇ ਨੂੰ ਆਨਰ ਕਿਲਿੰਗ ਦੇ ਮਾਮਲੇ ’ਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਜੋੜੇ ’ਤੇ ਆਪਣੀ ਧੀ ਦੇ ਕਤਲ ਦਾ ਦੋਸ਼ ਹੈ। ਦਰਅਸਲ ਉਸ ਨੇ ਆਪਣੀ ਧੀ ਦਾ ਵਿਆਹ ਪਾਕਿਸਤਾਨ ’ਚ ਰਹਿ ਰਹੇ ਉਸ ਦੇ ਇਕ ਚਚੇਰੇ ਭਰਾ ਨਾਲ ਤੈਅ ਕੀਤਾ ਸੀ। ਧੀ ਦੇ ਇਨਕਾਰ ਕਰਨ ਪਿੱਛੋਂ ਮਾਤਾ-ਪਿਤਾ ਨੇ ਉਸ ਦਾ ਕਤਲ ਕਰਵਾ ਦਿੱਤਾ ਸੀ। ਕੁੜੀ ਦੇ ਚਾਚੇ ਨੂੰ ਵੀ 14 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 2 ਚਚੇਰੇ ਭਰਵਾਂ ਨੂੰ ਮਾਮਲੇ ’ਚੋਂ ਬਰੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਮਨ ਅੱਬਾਸ ਨੇ ਚਚੇਰੇ ਭਰਾ ਨਾਲ ਵਿਆਹ ਕਰਨ ਦੀ ਗੱਲ ਨਾ ਮੰਨਦੇ ਹੋਏ ਪੁਲਸ ਸਾਹਮਣੇ ਆਪਣੇ ਮਾਤਾ-ਪਿਤਾ ਦੀ ਆਲੋਚਨਾ ਕੀਤੀ ਸੀ, ਜਿਸ ਪਿੱਛੋਂ ਸਮਾਜਿਕ ਵਰਕਰਾਂ ਨੇ ਨਵੰਬਰ 2020 ’ਚ ਉਸ ਨੂੰ ਆਸ਼ਰਮ ’ਚ ਰੱਖਿਆ ਸੀ। ਉਹ ਆਪਣੇ ਬੁਆਏਫ੍ਰੈਂਡ ਨਾਲ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ, ਇਸ ਪਲਾਨਿੰਗ ਨਾਲ ਉਹ ਆਪਣਾ ਪਾਸਪੋਰਟ ਲੈਣ ਲਈ ਅਪ੍ਰੈਲ 2021 ’ਚ ਆਪਣੇ ਪਰਿਵਾਰ ਨੂੰ ਮਿਲਣ ਪੁੱਜੀ ਸੀ ਪਰ ਉਸ ਦੀ ਇਸ ਗੱਲ ਨਾਲ ਪਰਿਵਾਰ ਸਹਿਮਤ ਨਹੀਂ ਸੀ।

ਅਪ੍ਰੈਲ ’ਚ ਪਰਿਵਾਰ ਨੂੰ ਮਿਲਣ ਪਿੱਛੋਂ ਲੜਕੀ ਗਾਇਬ ਹੋ ਗਈ। ਉਸ ਦੇ ਬੁਆਏਫ੍ਰੈਂਡ ਦੀ ਸ਼ਿਕਾਇਤ ਪਿੱਛੋਂ ਪੁਲਸ ਨੇ ਮਈ ’ਚ ਉਸ ਦੇ ਘਰ ’ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਪਤਾ ਲੱਗਾ ਕਿ ਸਮਨ ਦੇ ਮਾਤਾ-ਪਿਤਾ ਪਹਿਲਾਂ ਹੀ ਪਾਕਿਸਤਾਨ ਜਾ ਚੁੱਕੇ ਸਨ। ਸੀ. ਸੀ. ਟੀ. ਵੀ. ਫੁਟੇਜ ਰਾਹੀਂ ਖੁਲਾਸਾ ਹੋਇਆ ਕਿ ਲੜਕੀ ਦਾ ਕਤਲ ਸ਼ਾਇਦ 30 ਅਪ੍ਰੈਲ ਅਤੇ 1 ਮਈ ਦੀ ਰਾਤ ਨੂੰ ਹੀ ਕਰ ਦਿੱਤਾ ਗਿਆ ਸੀ। ਕੈਮਰੇ ’ਚ 5 ਲੋਕ ਫੌੜੇ, ਲੱਕੜਾਂ ਅਤੇ ਬਾਲਟੀਆਂ ਨਾਲ ਘਰੋਂ ਬਾਹਰ ਨਿਕਲਦੇ ਅਤੇ ਢਾਈ ਘੰਟੇ ਬਾਅਦ ਪਰਤਦੇ ਦੇਖੇ ਗਏ ਸਨ।

ਇਕ ਸਾਲ ਬਾਅਦ ਸਮਨ ਅੱਬਾਸ ਦੀ ਲਾਸ਼ ਇਕ ਫਾਰਮ ਹਾਊਸ ’ਚੋਂ ਮਿਲੀ ਸੀ। ਉਸ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਕਤਲ ਬਾਰੇ ਗੱਲ ਕਰਦੇ ਹੋਏ ਸੁਣਿਆ ਸੀ ਅਤੇ ਚਾਚੇ ਨੇ ਹੀ ਉਸ ਦੀ ਭੈਣ ਦਾ ਕਤਲ ਕੀਤਾ ਹੈ। ਮਾਮਲੇ ਦਾ ਖੁਲਾਸਾ ਹੋਣ ਪਿੱਛੋਂ ਸਮਨ ਦੇ ਪਿਤਾ ਸ਼ੱਬਰ ਅੱਬਾਸ ਨੂੰ ਪਾਕਿਸਤਾਨ ’ਚ ਗ੍ਰਿਫਤਾਰ ਕਰ ਕੇ ਅਗਸਤ 2023 ’ਚ ਇਟਲੀ ਨੂੰ ਸੌਂਪ ਦਿੱਤਾ ਗਿਆ ਸੀ। ਉੱਥੇ ਹੀ ਉਸ ਦੇ ਚਾਚੇ ਦਾਨਿਸ਼ ਹਸਨੈਨ ਨੂੰ ਫਰਾਂਸੀਸੀ ਅਧਿਕਰੀਆਂ ਨੂੰ ਸੌਂਪਿਆ ਗਿਆ ਸੀ, ਜਦਕਿ ਚਚੇਰੇ ਭਰਾਵਾਂ ਨੂੰ ਸਪੇਨ ’ਚ ਗ੍ਰਿਫਤਾਰ ਕੀਤਾ ਗਿਆ ਸੀ। ਮ੍ਰਿਤਕਾ ਦੀ ਮਾਂ ਨਾਜ਼ੀਆ ਸ਼ਾਹੀਨ ਅਜੇ ਵੀ ਫਰਾਰ ਹੈ।

Add a Comment

Your email address will not be published. Required fields are marked *