6 ਸਾਲ ਤੋਂ ਲਾਪਤਾ ਬ੍ਰਿਟਿਸ਼ ਮੁੰਡਾ ਫਰਾਂਸ ‘ਚ ਮਿਲਿਆ

 ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਜੋ 6 ਸਾਲ ਪਹਿਲਾਂ ਸਪੇਨ ‘ਚ ਪਰਿਵਾਰਕ ਛੁੱਟੀਆਂ ਦੌਰਾਨ ਲਾਪਤਾ ਹੋ ਗਿਆ ਸੀ, ਹੁਣ ਉਹ ਫਰਾਂਸ ਦੇ ਪਹਾੜਾਂ ‘ਚੋਂ ਮਿਲ ਗਿਆ ਹੈ। ਬੀ.ਐੱਫ.ਐੱਮ.ਟੀ.ਵੀ. ਮੁਤਾਬਕ 17 ਸਾਲਾ ਐਲੇਕਸ ਬੈਟੀ ਨੂੰ ਇਕ ਡਿਲੀਵਰੀ ਡਰਾਈਵਰ ਨੇ ਸੜਕ ਕਿਨਾਰੇ ਦੇਖਿਆ, ਜੋ ਉਸਨੂੰ ਥਾਣੇ ਲੈ ਗਿਆ। ਬੈਟੀ ਆਪਣੀ ਮਾਂ ਅਤੇ ਦਾਦੇ ਨਾਲ ਸਪੇਨ ਵਿੱਚ ਛੁੱਟੀਆਂ ਮਨਾਉਣ ਤੋਂ ਬਾਅਦ 2017 ਵਿੱਚ ਗਾਇਬ ਹੋ ਗਿਆ ਸੀ। ਇੱਕ ਡਿਲੀਵਰੀ ਡਰਾਈਵਰ ਫੈਬੀਅਨ ਐਕਸੀਡੀਨੀ ਨੇ ਕਿਹਾ ਕਿ ਉਸਨੇ ਬੁੱਧਵਾਰ ਸਵੇਰੇ ਨੌਜਵਾਨ ਨੂੰ ਸੜਕ ‘ਤੇ ਤੁਰਦਿਆਂ ਦੇਖਿਆ।

ਜਦੋਂ ਡਿਲੀਵਰੀ ਡਰਾਈਵਰ ਨੇ ਬੈਟੀ ਨੂੰ ਉਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਸੈਰ ਕਰ ਰਿਹਾ ਸੀ। ਉਹ ਪਹਾੜੀ ਰਸਤਿਆਂ ਰਾਹੀਂ ਆ ਰਿਹਾ ਹੈ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਕਿੱਥੋਂ ਆ ਰਿਹਾ ਹੈ। ਇਸ ਤੋਂ ਬਾਅਦ ਡਿਲੀਵਰੀ ਡਰਾਈਵਰ ਨੇ ਇੰਟਰਨੈੱਟ ‘ਤੇ ਬ੍ਰਿਟਿਸ਼ ਮੁੰਡੇ ਦਾ ਨਾਮ ਟਾਈਪ ਕੀਤਾ ਅਤੇ ਦੇਖਿਆ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬੀ.ਬੀ.ਸੀ ਅਨੁਸਾਰ ਬੈਟੀ ਨੇ ਯੂ.ਕੇ ਵਿੱਚ ਆਪਣੀ ਦਾਦੀ ਨਾਲ ਸੰਪਰਕ ਕਰਨ ਲਈ ਡਰਾਈਵਰ ਦੇ ਫੇਸਬੁੱਕ ਖਾਤੇ ਦੀ ਵਰਤੋਂ ਕੀਤੀ। ਉਸਨੇ ਲਿਖਿਆ,”ਹੈਲੋ ਦਾਦੀ, ਮੈਂ ਐਲੇਕਸ ਹਾਂ। ਮੈਂ ਟੂਲੂਸ, ਫਰਾਂਸ ਵਿੱਚ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸੁਨੇਹਾ ਮਿਲੇਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਂ ਘਰ ਆਉਣਾ ਚਾਹੁੰਦਾ ਹਾਂ।” ਬੈਟੀ ਦੀ ਦਾਦੀ ਨੇ ਦਿ ਸਨ ਨੂੰ ਦੱਸਿਆ,”ਮੈਂ ਬਹੁਤ ਖੁਸ਼ ਹਾਂ। ਮੈਂ ਉਸ ਨਾਲ ਗੱਲ ਕੀਤੀ ਹੈ ਅਤੇ ਉਹ ਠੀਕ ਹੈ।”

ਰਿਪੋਰਟ ਅਨੁਸਾਰ 2018 ਵਿੱਚ ਅਲੈਕਸ ਦੀ ਮਾਂ ਮੇਲਾਨੀਆ ਬੈਟੀ ਅਤੇ ਦਾਦਾ ਡੇਵਿਡ ਬੈਟੀ ਉਸਨੂੰ ਮੋਰੋਕੋ ਵਿੱਚ ਇੱਕ ਅਧਿਆਤਮਕ ਭਾਈਚਾਰੇ ਨਾਲ ਰਹਿਣ ਲਈ ਲੈ ਗਏ ਸਨ। ਇਸ ਦੌਰਾਨ ਗ੍ਰੇਟਰ ਮਾਨਚੈਸਟਰ ਪੁਲਸ ਨੇ ਕਿਹਾ ਕਿ ਬੈਟੀ ਦੇ ਜੱਦੀ ਸ਼ਹਿਰ ਓਲਡਹੈਮ ਦੇ ਅਧਿਕਾਰੀ ਰਿਪੋਰਟਾਂ ਦੀ ਪ੍ਰਮਾਣਿਕਤਾ ਸਥਾਪਤ ਕਰਨ ਲਈ ਫਰਾਂਸੀਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਸਰਕਾਰੀ ਵਕੀਲ ਮੁਤਾਬਕ ਐਲੇਕਸ ਹੁਣ ਕੁਝ ਘੰਟਿਆਂ ਵਿੱਚ ਆਪਣੇ ਘਰ ਵਾਪਸ ਆ ਜਾਵੇਗਾ। ਗ੍ਰੇਟਰ ਮਾਨਚੈਸਟਰ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਨਾਬਾਲਗ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਜਾਂਚ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਲੋੜ ਹੈ। ਜਾਣਕਾਰੀ ਮੁਤਾਬਕ ਬੈਟੀ ਦੇ ਦਾਦੇ ਦੀ ਲਗਭਗ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

Add a Comment

Your email address will not be published. Required fields are marked *