ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ IPS ਅਧਿਕਾਰੀ ਮੁਸ਼ਕਲ ‘ਚ

 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ ਆਈਪੀਐੱਸ ਅਫਸਰ ਹੁਣ ਮੁਸੀਬਤ ‘ਚ ਫਸ ਗਿਆ ਹੈ। ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਸ ਸੇਵਾ (ਆਈਪੀਐੱਸ) ਅਧਿਕਾਰੀ ਜੀ ਸੰਪਤ ਕੁਮਾਰ ਨੂੰ ਧੋਨੀ ਦੁਆਰਾ ਦਾਇਰ ਅਦਾਲਤੀ ਮਾਣਹਾਨੀ ਦੇ ਮਾਮਲੇ ਵਿੱਚ 15 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ।

ਜਸਟਿਸ ਐੱਸ ਐੱਸ ਸੁੰਦਰ ਅਤੇ ਸੁੰਦਰ ਮੋਹਨ ਦੀ ਡਿਵੀਜ਼ਨ ਬੈਂਚ ਨੇ ਸੰਪਤ ਕੁਮਾਰ ਨੂੰ ਸਜ਼ਾ ਵਿਰੁੱਧ ਅਪੀਲ ਦਾਇਰ ਕਰਨ ਦਾ ਮੌਕਾ ਦੇਣ ਲਈ ਸਜ਼ਾ ਨੂੰ 30 ਦਿਨਾਂ ਲਈ ਮੁਅੱਤਲ ਕਰ ਦਿੱਤਾ। ਧੋਨੀ ਨੇ ਸੁਪਰੀਮ ਕੋਰਟ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਅਪਮਾਨਜਨਕ ਬਿਆਨ ਦੇਣ ਲਈ ਆਈਪੀਐੱਸ ਅਧਿਕਾਰੀ ਦੇ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਧੋਨੀ ਨੇ 2014 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਸੱਟੇਬਾਜ਼ੀ ਵਿੱਚ ਆਪਣੇ ਨਾਮ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਹਰਜਾਨੇ ਵਜੋਂ 100 ਕਰੋੜ ਰੁਪਏ ਦਾ ਭੁਗਤਾਨ ਕਰਨ ਦੀ ਵੀ ਮੰਗ ਕੀਤੀ ਸੀ। 18 ਮਾਰਚ 2014 ਨੂੰ ਅਦਾਲਤ ਨੇ ਇੱਕ ਅੰਤਰਿਮ ਹੁਕਮ ਵਿੱਚ ਸੰਪਤ ਕੁਮਾਰ ਨੂੰ ਧੋਨੀ ਵਿਰੁੱਧ ਕੋਈ ਵੀ ਬਿਆਨ ਦੇਣ ਤੋਂ ਰੋਕ ਦਿੱਤਾ ਸੀ।

ਇਸ ਤੋਂ ਬਾਅਦ ਸੰਪਤ ਕੁਮਾਰ ਨੇ ਕਥਿਤ ਤੌਰ ‘ਤੇ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕੀਤਾ, ਜਿਸ ਵਿਚ ਇਸ ਮਾਮਲੇ ਵਿਚ ਨਿਆਂਪਾਲਿਕਾ ਅਤੇ ਰਾਜ ਦੇ ਸੀਨੀਅਰ ਵਕੀਲਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਧੋਨੀ ਨੇ ਆਪਣੀ ਪਟੀਸ਼ਨ ‘ਚ ਸੰਪਤ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ।

Add a Comment

Your email address will not be published. Required fields are marked *