ਹਿੱਟ ਸ਼ੋਅ ‘ਬਰੁਕਲਿਨ ਨਾਇਨ ਨਾਇਨ’ ਦੇ ਕੈਪਟਨ ਹੋਲਟ ‘ਆਂਦਰੇ ਬਰਾਊਗਰ’ ਦਾ ਦਿਹਾਂਤ

ਮੁੰਬਈ – ਹਾਲੀਵੁੱਡ ਦੀ ਮਸ਼ਹੂਰ ਕਾਮੇਡੀ ਸੀਰੀਜ਼ ‘ਬਰੁਕਲਿਨ ਨਾਇਨ ਨਾਇਨ’ ’ਚ ਕੈਪਟਨ ਰੇਮੰਡ ਹੋਲਟ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਆਂਦਰੇ ਬਰਾਊਗਰ ਦਾ ਦਿਹਾਂਤ ਹੋ ਗਿਆ ਹੈ। ਆਂਦਰੇ 61 ਸਾਲਾਂ ਦੇ ਸਨ ਤੇ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪ੍ਰਚਾਰਕ ਨੇ ਕੀਤੀ ਹੈ।

ਆਂਦਰੇ ਬਰਾਊਗਰ ਆਪਣੇ ਸ਼ੋਅ ‘ਹੋਮੀਸਾਈਡ : ਲਾਈਫ ਆਨ ਦਿ ਸਟ੍ਰੀਟ’ ਲਈ ਸਭ ਤੋਂ ਮਸ਼ਹੂਰ ਹਨ। ਇਸ ਸ਼ੋਅ ਨੇ ਉਨ੍ਹਾਂ ਨੂੰ ਇੰਡਸਟਰੀ ’ਚ ਪਛਾਣ ਦਿੱਤੀ। ਆਂਦਰੇ ਨੇ ਸ਼ੋਅ ’ਚ ਡਿਟੈਕਟਿਵ ਫਰੈਂਕ ਪੇਮਬਲਟਨ ਦੀ ਭੂਮਿਕਾ ਨਿਭਾਈ, ਜੋ ਆਪਣੇ ਹੰਕਾਰ, ਭਾਰੀ ਆਵਾਜ਼ ਤੇ ਸਖ਼ਤ ਵਿਵਹਾਰ ਲਈ ਜਾਣਿਆ ਜਾਂਦਾ ਸੀ। ਆਂਦਰੇ ਨੇ 1992 ਤੋਂ 1998 ਤੱਕ ਇਸ ’ਚ ਕੰਮ ਕੀਤਾ ਪਰ ਉਸ ਨੂੰ ਦਰਸ਼ਕਾਂ ਵਲੋਂ ਸਭ ਤੋਂ ਵੱਧ ਪਿਆਰ ‘ਬਰੁਕਲਿਨ ਨਾਈਨ ਨਾਇਨ’ ਦੇ ਕੈਪਟਨ ਰੇਮੰਡ ਹੋਲਟ ਦੇ ਰੂਪ ’ਚ ਮਿਲਿਆ।

ਆਂਦਰੇ ਬਰਾਊਗਰ ਨੇ ‘ਬਰੁਕਲਿਨ ਨਾਇਨ ਨਾਇਨ’ ’ਚ ਕੈਪਟਨ ਹੋਲਟ ਦਾ ਕਿਰਦਾਰ ਇਸ ਤਰ੍ਹਾਂ ਨਿਭਾਇਆ ਹੈ ਕਿ ਇਸ ਕਿਰਦਾਰ ’ਚ ਕਿਸੇ ਹੋਰ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਇਕ ਗੰਭੀਰ, ਕਾਲੇ, ਸਮਲਿੰਗੀ ਪੁਲਸ ਕਪਤਾਨ ਵਜੋਂ ਆਂਦਰੇ ਦਾ ਕੰਮ ਅਦਭੁਤ ਸੀ। ਕੈਪਟਨ ਹੋਲਟ ਇਕ ਅਜਿਹਾ ਆਦਮੀ ਸੀ, ਜੋ ਬਹੁਤ ਘੱਟ ਸਮੀਕਰਨ ਨਾਲ ਬਹੁਤ ਕੁਝ ਕਹਿ ਸਕਦਾ ਸੀ। ਕੋਈ ਵੀ ਉਸ ਨਾਲ ਬੇਲੋੜੀ ਗੱਲ ਨਹੀਂ ਕਰ ਸਕਦਾ ਸੀ। ਉਸ ਦੇ ਫਨੀ ਮੂਮੈਂਟਸ ਸੱਚਮੁੱਚ ਮਜ਼ੇਦਾਰ ਸਨ। ਆਂਦਰੇ ਨੇ ਇਸ ਕਿਰਦਾਰ ’ਚ ਅਜਿਹੀ ਜਾਨ ਲਿਆਂਦੀ ਕਿ ਪ੍ਰਸ਼ੰਸਕਾਂ ਦੇ ਦਿਲਾਂ ’ਚ ਕੈਪਟਨ ਹੋਲਟ ਲਈ ਖ਼ਾਸ ਜਗ੍ਹਾ ਬਣ ਗਈ।

‘ਬਰੁਕਲਿਨ ਨਾਇਨ ਨਾਇਨ’, ਜੋ ਕਿ 8 ਸੀਜ਼ਨਜ਼ ਤੱਕ ਚੱਲਿਆ, ’ਚ ਆਂਦਰੇ ਬਰਾਊਗਰ, ਐਂਡੀ ਸੈਮਬਰਗ, ਮੇਲਿਸਾ ਫੂਮੇਰੋ, ਸਟੈਫਨੀ ਬੀਟ੍ਰੀਜ਼, ਜੋ ਲੋ ਟਰੂਲੀਓ, ਚੇਲਸੀ ਪੇਰੇਟੀ ਤੇ ਟੈਰੀ ਕਰੂਜ਼ ਆਦਿ ਨੇ ਅਭਿਨੈ ਕੀਤਾ। ਸ਼ੋਅ ਦੇ ਸਿਤਾਰੇ ਆਪਣੇ ਸਹਿ-ਸਟਾਰ ਆਂਦਰੇ ਦੇ ਅਚਾਨਕ ਦਿਹਾਂਤ ਤੋਂ ਦੁੱਖੀ ਤੇ ਸਦਮੇ ’ਚ ਹਨ। ਹਰ ਕਿਸੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਲਿਖ ਕੇ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।

ਆਂਦਰੇ ਬਰਾਊਗਰ ਦਾ ਜਨਮ 1962 ’ਚ ਸ਼ਿਕਾਗੋ ’ਚ ਹੋਇਆ ਸੀ। ਉਹ ਆਪਣੇ ਪਰਿਵਾਰ ’ਚ ਚਾਰ ਭੈਣਾਂ ਤੇ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਉਸ ਨੇ ਸਟੈਨਫੋਰਡ ਸਕਾਲਰਸ਼ਿਪ ’ਤੇ ਥੀਏਟਰ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਜੂਲੀਯਾਰਡ ਸਕੂਲ ਆਫ ਡਰਾਮਾ ’ਚ ਦਾਖ਼ਲਾ ਲਿਆ। ਉਨ੍ਹਾਂ ਨੂੰ 1989 ’ਚ ਪਹਿਲੀ ਫ਼ਿਲਮ ਮਿਲੀ, ਜਿਸ ਦਾ ਨਾਂ ‘ਗਲੋਰੀ’ ਸੀ। ਅਗਲੇ ਸਾਲਾਂ ’ਚ ਉਸ ਨੇ ਕਈ ਚੰਗੇ ਟੀ. ਵੀ. ਸ਼ੋਅਜ਼ ’ਚ ਕੰਮ ਕੀਤਾ। ਉਸ ਨੇ ਆਪਣੇ ਸ਼ੋਅ ‘ਹੋਮੀਸਾਈਡ’ ਲਈ ਐਮੀ ਐਵਾਰਡ ਜਿੱਤਿਆ। ਇਸ ਲਈ ਕੈਪਟਨ ਹੋਲਟ ਦੀ ਭੂਮਿਕਾ ਲਈ ਉਸ ਨੂੰ ਸਰਵੋਤਮ ਸਹਾਇਕ ਭੂਮਿਕਾ ਲਈ ਦੋ ਕ੍ਰਿਟਿਕਸ ਚੁਆਇਸ ਐਵਾਰਡ ਮਿਲੇ ਸਨ।

Add a Comment

Your email address will not be published. Required fields are marked *