ਡਰੱਗ ਮਾਮਲੇ ’ਚ ਬਿਕਰਮ ਮਜੀਠੀਆ ਤੋਂ ਬਾਅਦ ਭਾਜਪਾ ਆਗੂ ਨੂੰ ਸੰਮਨ ਜਾਰੀ

ਚੰਡੀਗੜ੍ਹ : ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਵਿਚ ਐੱਨ. ਡੀ. ਪੀ. ਐੱਸ.  ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕਰਨ ਤੋਂ ਬਾਅਦ ਹੁਣ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਜਾਂਚ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਗਏ ਸੀ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਸ ਪਟਿਆਲਾ ਰੇਂਜ ਵੱਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਇਸ ਸਬੰਧੀ ਪੱਤਰ ਭੇਜਿਆ ਗਿਆ ਹੈ। ਉਸ ਪੱਤਰ ਦੀ ਇਕ ਕਾਪੀ ਥਾਣਾ ਰਣਜੀਤ ਐਵੇਨਿਊ ਦੇ ਮੁੱਖ ਅਫਸਰ ਨੂੰ ਵੀ ਭੇਜੀ ਗਈ ਹੈ ਜਿਸ ਵਿਚ ਹਦਾਇਤ ਕੀਤੀ ਗਈ ਹੈ ਕਿ 20 ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕ੍ਰਾਈਮ ਮੋਹਾਲੀ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਹੇਠ ਦਰਜ ਕੀਤੇ ਗਏ ਕੇਸ ਵਿਚ ਜਾਂਚ ਕਰ ਰਹੀ ਸਿੱਟ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਪਟਿਆਲਾ ਰੇਂਜ ਦਫਤਰ ਵਿਖੇ ਸੰਮਨ ਕੀਤਾ ਗਿਆ ਹੈ। ਉਸ ਨੂੰ ਦੁਪਹਿਰ 2 ਵਜੇ ਇਸ ਦਫਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 

ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ਦੇ ਐੱਸ. ਐੱਚ. ਓ. ਨੂੰ ਆਦੇਸ਼ ਕੀਤੇ ਗਏ ਹਨ ਕਿ ਉਹ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਇਸ ਸਬੰਧੀ ਨੋਟਿਸ ਦੇਵੇ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸਾਬਕਾ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਇਸੇ ਸਾਲ ਫਰਵਰੀ ਮਹੀਨੇ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ। ਬੀਤੇ ਕੱਲ੍ਹ ਇਸੇ ਕੇਸ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਸੀ। 

Add a Comment

Your email address will not be published. Required fields are marked *