MP ਕਿਰਨ ਖੇਰ ਤੋਂ ਜਾਨ ਨੂੰ ਖ਼ਤਰਾ ਦੱਸਣ ਵਾਲਾ ਚੇਤੰਨਿਆ ਅੰਡਰਗਰਾਊਂਡ
ਚੰਡੀਗੜ੍ਹ : ਸੰਸਦ ਮੈਂਬਰ ਕਿਰਨ ਖੇਰ ਅਤੇ ਉਨ੍ਹਾਂ ਦੇ ਪੀ. ਏ. ਤੋਂ ਜਾਨ ਦਾ ਖ਼ਤਰਾ ਦੱਸਣ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐੱਨ. ਏ. ਸੀ. ‘ਚ ਰਹਿਣ ਵਾਲੇ ਚੇਤੰਨਿਆ ਅੱਗਰਵਾਲ ਅਤੇ ਉਸਦੇ ਪਰਿਵਾਰ ਨੂੰ ਇਕ ਹਫ਼ਤੇ ਲਈ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਹਾਈਕੋਰਟ ਦੇ ਹੁਕਮਾਂ ਤੋਂ ਪਹਿਲਾਂ ਹੀ ਚੇਤੰਨਿਆ ਅੱਗਰਵਾਲ ਆਪਣੇ ਘਰ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਕਿਤੇ ਚਲਾ ਗਿਆ ਹੈ। ਅੱਗਰਵਾਲ ਵਲੋਂ ਪੁਲਸ ਨੂੰ ਦਿੱਤਾ ਗਿਆ ਫ਼ੋਨ ਨੰਬਰ ਵੀ ਬੰਦ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਸ ਸੋਮਵਾਰ ਰਾਤ ਹੀ ਉਸ ਦੇ ਘਰ ਪਹੁੰਚੀ ਸੀ ਪਰ ਅੱਗਰਵਾਲ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ।
ਘਰ ਦੇ ਬਾਹਰ ਦੋ ਸਾਬਕਾ ਫ਼ੌਜੀ ਸਕਿਓਰਿਟੀ ਚੈੱਕ ਪੋਸਟ ’ਤੇ ਪਹਿਰਾ ਦੇ ਰਹੇ ਸਨ। ਸੁਰੱਖਿਆ ‘ਚ ਤਾਇਨਾਤ ਨਿੱਜੀ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਅੱਗਰਵਾਲ ਐਤਵਾਰ ਕਿਤੇ ਗਿਆ ਹੋਇਆ ਸੀ। ਇੱਥੋਂ ਤੱਕ ਕਿ ਉਹ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਕਿੱਥੇ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਅੱਗਰਵਾਲ ਦਾ ਦੂਜਾ ਫ਼ੋਨ ਨੰਬਰ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਨੰਬਰ ਦੇਣ ਦੀ ਇਜਾਜ਼ਤ ਨਹੀਂ ਹੈ। ਮੰਗਲਵਾਰ ਰਾਤ 9 ਵਜੇ ਵੀ ‘ਜਗ ਬਾਣੀ’ ਟੀਮ ਨੇ ਚੇਤੰਨਿਆ ਅੱਗਰਵਾਲ ਦੇ ਘਰ ਦਾ ਜਾਇਜ਼ਾ ਲਿਆ। ਉਸ ਸਮੇਂ ਵੀ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਦੋ ਐਕਸ ਸਰਵਿਸ ਮੈਨ ਪਹਿਰਾ ਦੇ ਰਹੇ ਸਨ।
ਹਾਈਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਪਟੀਸ਼ਨਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਹਾਈਕੋਰਟ ਦੇ ਹੁਕਮ ਪੁਲਸ ਦੀ ਕਾਰਵਾਈ ਵਿਚ ਰੁਕਾਵਟ ਨਹੀਂ ਬਣਨਗੇ। ਜੇਕਰ ਜਾਂਚ ਟੀਮ ਕਿਸੇ ਵੀ ਮਾਮਲੇ ਵਿਚ ਪਟੀਸ਼ਨਰ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀ ਉਪਰੋਕਤ ਹੁਕਮ ਮੰਨਣਯੋਗ ਨਹੀਂ ਹੋਣਗੇ। ਹਾਈਕੋਰਟ ਦੇ ਉਕਤ ਹੁਕਮ 19 ਦਸੰਬਰ ਦੁਪਹਿਰ 2 ਵਜੇ ਤੱਕ ਦੇ ਹਨ ਪਰ ਅੱਗਰਵਾਲ ਪਰਿਵਾਰ ਪੁਲਸ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਕਿਤੇ ਚਲਾ ਗਿਆ ਹੈ। ਇਸ ਲਈ ਹਾਈਕੋਰਟ ਦੇ ਪੁਲਸ ਸੁਰੱਖਿਆ ਦੇ ਹੁਕਮ ਵੀ ਵੈਲਿਡ ਨਹੀਂ ਰਹੇ। ਇਸ ਦੇ ਨਾਲ ਹੀ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਜੋ ਹਾਈਕੋਰਟ ਦੀ ਡਾਇਰੈਕਸ਼ਨ ਹੈ, ਉਹੀ ਉਨ੍ਹਾਂ ਦਾ ਬਿਆਨ ਵੀ ਹੈ।

