ਪ੍ਰਭਾਸ ਦੀ ‘ਸਾਲਾਰ’ ’ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ

ਮੁੰਬਈ – ਵੱਡੇ ਬਜਟ ਦੀਆਂ ਫ਼ਿਲਮਾਂ ਲਈ ਦਸੰਬਰ ਦਾ ਮਹੀਨਾ ਬਹੁਤ ਖ਼ਾਸ ਹੁੰਦਾ ਹੈ। ‘ਐਨੀਮਲ’ ਤੇ ‘ਸੈਮ ਬਹਾਦਰ’ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪ੍ਰਭਾਸ ਦੀ ਮੈਗਾ ਬਜਟ ਫ਼ਿਲਮ ‘ਸਾਲਾਰ’ ’ਤੇ ਹਨ, ਜੋ ਕੁਝ ਹੀ ਦਿਨਾਂ ’ਚ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ। ਫ਼ਿਲਮ ਐਕਸ਼ਨ ਸੀਨਜ਼ ਨਾਲ ਭਰਪੂਰ ਹੈ। ਇਹ ਯਕੀਨੀ ਬਣਾਉਣ ਲਈ ਕਿ ਕੁਝ ਦ੍ਰਿਸ਼ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ, ਸੈਂਸਰ ਬੋਰਡ ਨੇ ‘ਸਾਲਾਰ’ ’ਤੇ ਕੈਂਚੀ ਚਲਾਈ ਹੈ।

ਪ੍ਰਸ਼ਾਂਤ ਨੀਲ ਵਲੋਂ ਨਿਰਦੇਸ਼ਿਤ ‘ਸਾਲਾਰ : ਭਾਗ 1– ਸੀਜ਼ਫਾਇਰ’ 22 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਹੈ। ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ। ਇਸ ਬਹੁ-ਭਾਸ਼ੀ ਫ਼ਿਲਮ ’ਚ ਕੁਝ ਅਜਿਹੇ ਸੀਨ ਹਨ, ਜਿਸ ਕਾਰਨ ਸੈਂਸਰ ਬੋਰਡ ਨੂੰ ਇਸ ’ਤੇ ਕੈਂਚੀ ਚਲਾਉਣੀ ਪਈ।

ਨਿਰਮਾਤਾਵਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ‘ਸਾਲਾਰ’ ਨੂੰ ‘ਏ’ ਸਰਟੀਫਿਕੇਟ ਮਿਲਿਆ ਹੈ। ਫ਼ਿਲਮ ਦਾ ਕੁਲ ਰਨਟਾਈਮ 2 ਘੰਟੇ 55 ਮਿੰਟ ਹੈ। ਫ਼ਿਲਮ ’ਚ ਕੁਝ ਇੰਟੈਂਸ ਫਾਈਟ ਸੀਨਜ਼ ਤੇ ਜ਼ਬਰਦਸਤ ਹਿੰਸਾ ਦੇ ਦ੍ਰਿਸ਼ ਹਨ। ਅਜਿਹੇ ’ਚ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਫ਼ਿਲਮ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਹੈ।

ਫ਼ਿਲਮ ‘ਸਾਲਾਰ’ ਦੀ ਸ਼ਾਹਰੁਖ ਖ਼ਾਨ ਦੀ ‘ਡੰਕੀ’ ਨਾਲ ਬਾਕਸ ਆਫਿਸ ’ਤੇ ਟੱਕਰ ਹੋਵੇਗੀ। ‘ਡੰਕੀ’ ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਇਕ ਕਾਮੇਡੀ ਤੇ ਸਮਾਜਿਕ ਸੰਦੇਸ਼ ਦੇਣ ਵਾਲੀ ਫ਼ਿਲਮ ਹੈ, ਜਦਕਿ ‘ਸਾਲਾਰ’ ਦੀ ਵਿਧਾ ਇਸ ਦੇ ਬਿਲਕੁਲ ਉਲਟ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਹਿਲੇ ਦਿਨ ਬਾਕਸ ਆਫਿਸ ’ਤੇ ਕਿਹੜੀ ਫ਼ਿਲਮ ਜਿੱਤ ਹਾਸਲ ਕਰੇਗੀ।

Add a Comment

Your email address will not be published. Required fields are marked *